ਹਰਪ੍ਰੀਤ ਕੌਰ
ਹੁਸ਼ਿਆਰਪੁਰ, 11 ਜਨਵਰੀ
ਹੁਸ਼ਿਆਰਪੁਰ ਪੁਲੀਸ ਨੇ ਬੰਦੂਕ ਦੀ ਨੋਕ ’ਤੇ ਕਾਰਾਂ ਤੇ ਪੈਟਰੋਲ ਪੰਪ ਲੁੱਟਣ ਵਾਲੇ ਅੰਤਰਰਾਜੀ ਗਰੋਹ ਦਾ ਪਰਦਾਫ਼ਾਸ਼ ਕਰਦਿਆਂ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਸਲਾ ਅਤੇ ਚੋਰੀ ਦਾ ਸਾਮਾਨ ਬਰਾਮਦ ਕੀਤਾ ਹੈ। ਐਸ.ਐਸ.ਪੀ ਕੁਲਵੰਤ ਸਿੰਘ ਹੀਰ ਨੇ ਇੱਥੇ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਤੋਂ 32 ਬੋਰ ਦੇ 4 ਪਿਸਤੌਲ, 44 ਜ਼ਿੰਦਾ ਰੋਂਦ, 3 ਦਾਤਰ, ਇਕ ਸਵਿਫ਼ਟ ਕਾਰ, ਇਕ ਈਟੀਓਸ ਕਾਰ, ਇਕ ਸਪਲੈਂਡਰ ਮੋਟਰ ਸਾਈਕਲ, ਇਕ ਸਕੂਟਰੀ, 10 ਮੋਬਾਈਲ ਫ਼ੋਨ, ਦੋ ਸੋਨੇ ਦੀਆਂ ਚੇਨਾਂ ਤੇ 15 ਨਸ਼ੀਲੇ ਟੀਕੇ ਬਰਾਮਦ ਹੋਏ ਹਨ।
ਐਸਐਸਪੀ ਨੇ ਦੱਸਿਆ ਕਿ 2 ਜਨਵਰੀ ਨੂੰ ਗੜ੍ਹਸ਼ੰਕਰ ਇਲਾਕੇ ’ਚ ਤਿੰਨ ਅਣਪਛਾਤੇ ਈਟੀਓਸ ਕਾਰ ਚਾਲਕਾਂ ਨੇ ਇਕ ਪੈਟਰੋਲ ਪੰਪ ਦੇ ਕਰਿੰਦਿਆਂ ਦੀ ਕੁੱਟਮਾਰ ਕਰਕੇ ਅਤੇ ਗੋਲੀਆਂ ਚਲਾ ਕੇ ਖੋਹ ਕੀਤੀ ਸੀ ਜਿਸ ਪਿੱਛੋਂ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ। ਬੀਤੇ ਦਿਨ ਪੁਲੀਸ ਨੇ ਇਲਾਕੇ ’ਚ ਦਹਿਸ਼ਤ ਫੈਲਾਉਣ ਦੀ ਯੋਜਨਾ ਬਣਾ ਰਹੇੇ 7 ਜਣਿਆਂ ਨੂੰ ਪਿੰਡ ਚੱਕ ਫੱਲੂ ਦੇ ਭੱਠੇ ਤੋਂ ਗ੍ਰਿਫ਼ਤਾਰ ਕੀਤਾ। ਇਨ੍ਹਾਂ ਦੀ ਪਛਾਣ ਅਦਿੱਤਿਆ ਬਾਵਾ ਵਾਸੀ ਗੋਬਿੰਦਪੁਰ, ਬੰਗਾ, ਮਨਿੰਦਰਜੀਤ ਸਿੰਘ ਮਨੀ ਵਾਸੀ ਪਿੰਡ ਗੋਬਿੰਦਪੁਰ, ਸ਼ਹੀਦ ਭਗਤ ਸਿੰਘ ਨਗਰ, ਕਮਲਦੀਪ ਸਿੰਘ ਕਮਲ ਵਾਸੀ ਫਤਿਹ ਨਗਰ, ਸ਼ਹੀਦ ਭਗਤ ਸਿੰਘ ਨਗਰ, ਹਰਕਮਲ ਵਾਸੀ ਠੀਂਡਾ, ਹੁਸ਼ਿਆਰਪੁਰ, ਹੁਕਮਦੇਵ ਨਰਾਇਣ ਵਾਸੀ ਪਹਾੜੀਆਂ, ਝਾਰਖੰਡ ਅਤੇ ਤਰਵਿੰਦਰ ਸਿੰਘ ਉਰਫ਼ ਭਿੰਡਰ ਵਾਸੀ ਚੱਕ ਮੂਸਾ, ਹੁਸ਼ਿਆਰਪੁਰ ਅਤੇ ਜਸ਼ਨਦੀਪ ਸਿੰਘ ਉਰਫ਼ ਸੁੱਖਾ ਵਾਸੀ ਸ਼ੇਰਗੜ੍ਹ, ਸਿਰਸਾ, ਹਰਿਆਣਾ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਬਾਵਾ ਦੇ ਖਿਲਾਫ਼ ਹਰਿਆਣਾ ਵਿਚ 17 ਮੁਕੱਦਮੇ ਦਰਜ ਹਨ ਜਿਨ੍ਹਾਂ ਵਿਚੋਂ ਇਕ ਮੁਕੱਦਮਾ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਨੂੰ 14 ਲੱਖ ਦੀ ਫਿਰੌਤੀ ਲਈ ਅਗਵਾ ਕਰਨਾ ਵੀ ਹੈ। ਉਨ੍ਹਾਂ ਦੱਸਿਆ ਕਿ ਗਰੋਹ ਦਾ ਮਾਸਟਰ ਮਾਈਂਡ ਅਦਿੱਤਿਆ ਬਾਵਾ ਇਕ ਸ਼ਾਰਪ ਸ਼ੂਟਰ ਹੈ ਜੋ ਕੋਈ ਵੀ ਵਾਰਦਾਤ ਕਰਨ ਵੇਲੇ ਝਟਪਟ ਗੋਲੀ ਚਲਾ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਇਹ ਗਰੋਹ ਸੋਸ਼ਲ ਮੀਡੀਆ ’ਤੇ ਸਰਗਰਮ ਹੈ ਅਤੇ ਇੰਸਟਾਗਰਾਮ ’ਤੇ ਅਜ਼ਾਦ ਗਰੁੱਪ ਨਾਲ ਜੁੜਿਆ ਹੋਇਆ ਹੈ।
ਐਸ.ਐਸ.ਪੀ ਨੇ ਦੱਸਿਆ ਕਿ ਹੁਣ ਤੱਕ ਕੀਤੀ ਪੁੱਛਗਿੱਛ ਦੌਰਾਨ ਉਕਤ ਗਰੋਹ ਨੇ 20 ਅਪਰਾਧਕ ਵਾਰਦਾਤਾਂ ਮੰਨੀਆਂ ਹਨ ਜਿਨ੍ਹਾਂ ਵਿਚੋਂ 6 ਪੈਟਰੋਲ ਪੰਪ ਲੁੱਟਣ ਦੀਆਂ ਵਾਰਦਾਤਾਂ ਹਨ। ਉਨ੍ਹਾਂ ਦੱਸਿਆ ਕਿ ਗਰੋਹ ਨੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਲੁੱਟਾਂ ਖੋਹਾਂ ਨੂੰ ਅੰਜਾਮ ਦਿੱਤਾ ਅਤੇ ਹੁਸ਼ਿਆਰਪੁਰ ਵਿਖੇ ਇਕ ਵੈਸਟਰਨ ਯੂਨੀਅਨ ਮਨੀ ਐਕਸਚੇਂਜ ਨੂੰ ਲੁੱਟਣ ਦੀ ਵੀ ਕੋਸ਼ਿਸ਼ ਕੀਤੀ।