ਹੁਸ਼ਿਆਰਪੁਰ: ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਸਮੂਹ ਵੇਲਣਾ ਮਾਲਕਾਂ ਨੂੰ ਗੁੜ ਤੇ ਸ਼ੱਕਰ ਦੇ ਉਤਪਾਦਨ ਦੌਰਾਨ ਕਿਸੇ ਵੀ ਤਰ੍ਹਾਂ ਦੇ ਕੈਮੀਕਲ ਜਾਂ ਘਟੀਆ ਕੁਆਲਟੀ ਦੀ ਖੰਡ ਦੀ ਵਰਤੋਂ ਨਾ ਕਰਨ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸਮੇਂ-ਸਮੇਂ ’ਤੇ ਵੇਲਣਿਆਂ ਦੀ ਚੈਕਿੰਗ ਕੀਤੀ ਜਾਵੇਗੀ। ਜੇਕਰ ਕਿਸੇ ਵੇਲਣੇ ’ਤੇ ਕੈਮੀਕਲ ਆਦਿ ਦੀ ਵਰਤੋਂ ਸਾਹਮਣੇ ਆਉਂਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ ਨੇ ਵੇਲਣਾ ਪ੍ਰਬੰਧਕਾਂ ਨੂੰ ਅਪੀਲ ਕੀਤੀ ਹੈ ਕਿ ਗੰਨੇ ਦੀ ਪਿੜਾਈ ਮਿੱਲਾਂ ਚੱਲਣ ’ਤੇ ਹੀ ਸ਼ੁਰੂ ਕੀਤੀ ਜਾਵੇ ਅਤੇ ਕੱਚੇ ਗੰਨੇ ਦੀ ਪਿੜਾਈ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵੇਲਣਾ ਪ੍ਰਬੰਧਕ ਮਿਆਰੀ ਗੁੜ ਤੇ ਸ਼ੱਕਰ ਦੇ ਉਤਪਾਦਨ ਨੂੰ ਯਕੀਨੀ ਬਣਾਉਣ। -ਪੱਤਰ ਪ੍ਰੇਰਕ