ਨਿੱਜੀ ਪੱਤਰ ਪ੍ਰੇਰਕ
ਜਲੰਧਰ, 18 ਮਾਰਚ
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ 19 ਦੇ ਕਰੀਬ ਹਸਪਤਾਲਾਂ ਨੂੰ ਕਰੋਨਾ ਦੇ ਲੈਵਲ-3 ਦੇ ਬੈੱਡਾਂ ਦੀ ਗਿਣਤੀ 30 ਫੀਸਦੀ ਵਧਾਉਣ ਦੀਆਂ ਹਦਾਇਤਾਂ ਕੀਤੀਆਂ ਹਨ। ਡਿਪਟੀ ਕਮਿਸ਼ਨਰ ਵੱਲੋਂ ਇਨ੍ਹਾਂ ਕੋਵਿਡ ਕੇਅਰ ਹਸਪਤਾਲਾਂ ਵਿੱਚ ਲੈਵਲ-3 ਬੈੱਡਾਂ ਦੀ ਸਮਰੱਥਾ ਵਧਾਉਣ ਲਈ ਨਿਯਮਤ ਜਾਂਚ ਲਈ ਨੋਡਲ ਅਫ਼ਸਰ ਵੀ ਤਾਇਨਾਤ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੋਡਲ ਅਫ਼ਸਰਾਂ ਵੱਲੋਂ ਲੈਵਲ-3 ਕੋਵਿਡ ਕੇਅਰ ਸਹੂਲਤਾਂ ਵਿੱਚ 50 ਬੈੱਡਾਂ ਦਾ ਵਾਧੂ ਪ੍ਰਬੰਧ ਕਰ ਲਿਆ ਗਿਆ ਹੈ। ਉਨ੍ਹਾਂ ਨੋਡਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਕੋਵਿਡ ਕੇਅਰ ਸੰਸਥਾਵਾਂ ਵਿੱਚ ਉਦੋਂ ਤੱਕ ਦੌਰੇ ਜਾਰੀ ਰੱਖੇ ਜਾਣ ਜਦੋਂ ਤੱਕ ਬੈੱਡਾਂ ਦੀ ਸਮਰੱਥਾ ਨਹੀਂ ਵਧ ਜਾਂਦੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਹਸਪਤਾਲਾਂ ਨੂੰ ਲੈਵਲ-3 ਕੋਵਿਡ ਕੇਅਰ ਸੰਸਥਾਵਾਂ ਐਲਾਨਿਆ ਗਿਆ ਹੈ ਜਿਥੇ ਕੋਵਿਡ-19 ਦੇ ਮਰੀਜ਼ਾਂ ਨੂੰ ਇਲਾਜ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹਸਪਤਾਲਾਂ ਵਿੱਚ ਕਿਡਨੀ ਹਸਪਤਾਲ ਜਲੰਧਰ, ਅਰਮਾਨ ਹਸਪਤਾਲ, ਸਰਵੋਦਿਆ ਹਸਪਤਾਲ, ਪਿਮਸ ਜਲੰਧਰ, ਐੱਸਜੀਐੱਲ ਹਸਪਤਾਲ, ਜੌਹਲ ਹਸਪਤਾਲ, ਸ੍ਰੀਮਨ ਸੁਪਰ ਸਪੈਸ਼ਿਲਟੀ, ਕੈਪੀਟੋਲ ਹਸਪਤਾਲ, ਪਟੇਲ ਹਸਪਤਾਲ, ਸੈਕਰਡ ਹਸਪਤਾਲ, ਜੋਸ਼ੀ ਹਸਪਤਾਲ, ਐੱਨਐੱਚਐੱਸ. ਹਸਪਤਾਲ, ਇੰਨੋਸੈਂਟ ਹਾਰਟ ਹਸਪਤਾਲ, ਮਾਨ ਮੈਡੀਸਿਟੀ, ਘਈ ਹਸਪਤਾਲ ਜਲੰਧਰ, ਕਾਰਡੀਨੋਵਾ ਹਸਪਤਾਲ, ਕੇਅਰਮੈਕਸ ਹਸਪਤਾਲ, ਨਿਊ ਰੂਬੀ ਹਸਪਤਾਲ ਅਤੇ ਸ਼ਰਨਜੀਤ ਹਸਪਤਾਲ ਸ਼ਾਮਿਲ ਹਨ। ਉਨ੍ਹਾਂ ਨੇ ਇਨ੍ਹਾਂ ਸਾਰੇ ਹਸਪਤਾਲਾਂ ਨੂੰ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੈਵਲ-3 ਦੀਆਂ ਸਹੂਲਤਾਂ ਲਈ ਲੋੜੀਂਦਾ ਬੁਨਿਆਦੀ ਢਾਂਚਾ ਅਤੇ ਅਮਲਾ ਜ਼ਰੂਰੀ ਹੈ।