ਪੱਤਰ ਪ੍ਰੇਰਕ
ਮੁਕੇਰੀਆਂ, 26 ਮਈ
ਕਿਸਾਨਾਂ ਨੂੰ ਝੋਨੇ ਲਈ ਨਹਿਰੀ ਪਾਣੀ ਮਿਲਣਾ ਯਕੀਨੀ ਬਣਾਉਣ ਲਈ ਸ਼ਾਹ ਨਹਿਰ ਦੇ ਨਵ-ਨਿਯੁਕਤ ਕਾਰਜਕਾਰੀ ਇੰਜਨੀਅਰ ਦਿਨੇਸ਼ ਕੁਮਾਰ ਵੱਲੋਂ ਉੱਪ ਮੰਡਲ ਮੁਕੇਰੀਆਂ ਦਾ ਦੌਰਾ ਕੀਤਾ ਗਿਆ ਅਤੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਬਣਦੀਆਂ ਹਦਾਇਤਾਂ ਕੀਤੀਆਂ ਗਈਆਂ। ਅਧਿਕਾਰੀ ਦੀ ਪਹਿਲੀ ਫੇਰੀ ਮੌਕੇ ਐੱਸਡੀਓ ਸੱਤਪਾਲ ਸਿੰਘ ਅਤੇ ਸ਼ਾਹ ਨਹਿਰ ਯੂਬੀਡੀਸੀ ਮੁਲਾਜ਼ਮ ਦਲ ਦੇ ਪ੍ਰਧਾਨ ਜਸਪਾਲ ਸਿੰਘ ਤੇ ਸਕੱਤਰ ਨਿਰਮਲ ਸਿੰਘ ਦੀ ਅਗਵਾਈ ਵਿੱਚ ਸਮੂਹ ਮੁਲਾਜ਼ਮਾਂ ਵਲੋਂ ਸਿਰੋਪਾਓ ਭੇਟ ਕਰਕੇ ਸਵਾਗਤ ਕੀਤਾ ਗਿਆ।
ਇਸ ਮੌਕੇ ਕਾਰਜਕਾਰੀ ਇੰਜਨੀਅਰ ਦਿਨੇਸ਼ ਕੁਮਾਰ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਝੋਨੇ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਨਹਿਰੀ ਪਾਣੀ ਮਿਲਣਾ ਯਕੀਨੀ ਬਣਾਇਆ ਜਾਣਾ ਹੈ ਅਤੇ ਇਸ ਲਈ ਪਹਿਲਾਂ ਹੀ ਲੋੜੀਂਦੇ ਪ੍ਰਬੰਧ ਕਰ ਲਏ ਜਾਣ। ਜਿਥੇ ਨਹਿਰਾਂ ਟੁੱਟਣ ਦੀ ਸੰਭਾਵਨਾ ਹੈ ਤਾਂ ਉਨ੍ਹਾਂ ਥਾਵਾਂ ਦੀ ਸ਼ਨਾਖਤ ਕਰਕੇ ਰਿਪੋਰਟ ਤਿਆਰ ਕਰ ਲਈ ਜਾਵੇ ਤਾਂ ਜੋ ਸਮਾਂ ਰਹਿੰਦਿਆਂ ਯੋਗ ਪ੍ਰਬੰਧ ਕੀਤੇ ਜਾ ਸਕਣ। ਇਸ ਮੌਕੇ ਐੱਸਡੀਓ ਸੱਤਪਾਲ ਸਿੰਘ ਨੇ ਅਧਿਕਾਰੀ ਦੇ ਧਿਆਨ ਵਿੱਚ ਲਿਆਂਦਾ ਕਿ ਨਹਿਰਾਂ ਦੀ ਸਫ਼ਾਈ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ ਅਤੇ ਹਰ ਕਿਸਾਨ ਨੂੰ ਲੋੜੀਂਦਾ ਪਾਣੀ ਦੇਣ ਲਈ ਯਤਨ ਕੀਤੇ ਜਾਣਗੇ।