ਪਾਲ ਸਿੰਘ ਨੌਲੀ
ਜਲੰਧਰ, 21 ਮਈ
ਨਗਰ ਨਿਗਮ ਪ੍ਰਾਪਰਟੀ ਟੈਕਸ ਨਾ ਦੇਣ ਵਾਲਿਆਂ ਵਿਰੁੱਧ ਸਖਤੀ ਕਰਨ ਦੇ ਰੌਂਅ ’ਚ ਆ ਗਿਆ ਹੈ। ਪ੍ਰਾਪਰਟੀ ਟੈਕਸ ਉਗਰਾਹੁਣ ਵਾਲੀ ਟੀਮ ਨੇ ਪਠਾਨਕੋਟ ਰੋਡ ’ਤੇ ਕਾਰਵਾਈ ਕਰਦਿਆਂ ਚਾਰ ਕਾਰੋਬਾਰੀ ਅਦਾਰਿਆਂ ਨੂੰ ਸੀਲ ਕਰ ਦਿੱਤਾ, ਜਿਹੜੇ ਲੰਮੇ ਸਮੇਂ ਤੋਂ ਟੈਕਸ ਜਮ੍ਹਾਂ ਨਹੀਂ ਕਰਵਾ ਰਹੇ ਸਨ। ਨਗਰ ਨਿਗਮ ਦੀ ਟੀਮ ਨੇ ਦੱਸਿਆ ਕਿ ਜਿਹੜੀਆਂ ਜਾਇਦਾਦਾਂ ’ਤੇ ਜਿੰਦਰੇ ਲਾਏ ਗਏ ਹਨ ਤੇ ਉਨ੍ਹਾਂ ਦੇ ਮਾਲਕ ਪਿਛਲੇ 10 ਸਾਲਾਂ ਤੋਂ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾ ਰਹੇ ਸਨ, ਉਨ੍ਹਾਂ ਦੀ ਜਾਂਚ ਕੀਤੀ ਗਈ। ਸ਼ਹਿਰ ਵਿਚ ਬਹੁਤ ਸਾਰੇ ਅਜਿਹੇ ਕਾਰੋਬਾਰੀ ਅਦਾਰੇ ਹੋਰ ਵੀ ਹਨ ਜਿਨ੍ਹਾਂ ਨੂੰ ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੇ ਕਈ ਵਾਰ ਨੋਟਿਸ ਭੇਜੇ ਹਨ ਪਰ ਉਨ੍ਹਾਂ ਨੇ ਬਣਦਾ ਟੈਕਸ ਜਮ੍ਹਾਂ ਨਹੀਂ ਕਰਵਾਇਆ।
ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਪ੍ਰਾਪਰਟੀ ਟੈਕਸ ਉਗਰਾਹੁਣ ਲਈ ਬਾਕਾਇਦਾ ਕਾਨੂੰਨੀ ਤੌਰ ’ਤੇ ਨੋਟਿਸ ਭੇਜੇ ਗਏ ਹਨ ਜਿਨ੍ਹਾਂ ਵੱਲ ਟੈਕਸ ਦਾ ਬਕਾਇਆ ਖੜ੍ਹਾ ਹੈ ਉਨ੍ਹਾਂ ਨੂੰ ਵੀ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਹੁਣ ਤੱਕ ਇਕ ਹਜ਼ਾਰ ਦੇ ਕਰੀਬ ਨੋਟਿਸ ਜਾਰੀ ਹੋ ਚੁੱਕੇ ਹਨ। ਨਗਰ ਨਿਗਮ ਨੇ ਕੁਝ ਦਿਨ ਪਹਿਲਾਂ ਵੀ ਗੜ੍ਹਾ ਰੋਡ ’ਤੇ ਚਾਰ ਕਾਰੋਬਾਰੀ ਅਦਾਰਿਆਂ ਦੀਆਂ ਜਾਇਦਾਦਾਂ ਨੂੰ ਸੀਲ ਕੀਤਾ ਸੀ, ਜਿਨ੍ਹਾਂ ਨੇ ਟੈਕਸ ਨਹੀਂ ਭਰਿਆ ਸੀ। ਟੈਕਸ ਸੁਪਰਡੈਂਟ ਮਹੀਪ ਸਰੀਨ ਨੇ ਦੱਸਿਆ ਕਿ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਜਾਰੀ ਰਹੇਗੀ। ਇਸ ਮਾਮਲੇ ਵਿਚ ਕਿਸੇ ਨੂੰ ਵੀ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਨਗਰ ਨਿਗਮ ਦੀ ਵਿੱਤੀ ਹਾਲਤ ਬੜੀ ਖਸਤਾ ਹੋ ਗਈ ਹੈ।