ਪੱਤਰ ਪ੍ਰੇਰਕ
ਭੁਲੱਥ, 30 ਜੂਨ
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵਲੋਂ ਅੱਜ ਬਿਆਸ ਦਰਿਆ ਕਿਨਾਰੇ ਧੁੱਸੀ ਬੰਨ੍ਹ, ਢਿੱਲਵਾਂ ਕੰਪਲੈਕਸ, ਕਾਂਮੇਵਾਲ ਕੰਪਲੈਕਸ, ਬਾਗੁਆਨਾ ਕੰਪਲੈਕਸ, ਡੇਰਾ ਹਰੀ ਸਿੰਘ ਕੰਪਲੈਕਸ, ਬਾਉਪੁਰ ਆਈਲੈਂਡ ਕੰਪਲੈਕਸ ਦੇ ਧੁੱਸੀ ਬੰਨ੍ਹਾਂ ਦਾ ਪਹਿਲੀ ਜੁਲਾਈ ਤੋਂ ਸ਼ੁਰੂ ਹੋ ਰਹੇ ‘ਫਲੱਡ ਸੀਜ਼ਨ’ ਤਹਿਤ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਸੁਲਤਾਨਪੁਰ ਲੋਧੀ ਵਿੱਚ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀ ਅਗਵਾਈ ਹੇਠ ਪਵਿੱਤਰ ਵੇਈਂ ਦੀ ਸਾਫ-ਸਫਾਈ ਲਈ ਬੂਟੀ ਕੱਢਣ ਦੇ ਕੰਮ ਦੀ ਵੀ ਸ਼ਲਾਘਾ ਕੀਤੀ। ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀਆਂ ਨੂੰ ਹੜ੍ਹ ਰੋਕੂ ਪ੍ਰਬੰਧਾਂ ਤਹਿਤ ਦਰਿਆ ਕਿਨਾਰੇ ਧੁੱਸੀ ਬੰਨ੍ਹ ਉੱਪਰ ਪਛਾਣ ਕੀਤੀਆਂ ਕਮਜ਼ੋਰ ਥਾਵਾਂ ਨੂੰ ਮਜ਼ਬੂਤ ਕਰਨ ਦੇ ਕੰਮ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ ਸਿੰਜਾਈ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਕਿ ਪੌਂਗ ਡੈਮ ਤੋਂ ਪਾਣੀ ਛੱਡਣ ਤੇ ਦਰਿਆ ਵਿਚ ਵਗ ਰਹੇ ਪਾਣੀ ਸਬੰਧੀ ਰੋਜ਼ਾਨਾ ਦੇ ਆਧਾਰ ’ਤੇ ਰਿਪੋਰਟ ਦਿੱਤੀ ਜਾਵੇ ਅਤੇ ਨਾਲ ਹੀ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਤ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਵਿਚ ਸਥਿਤੀ ਬਿਲਕੁਲ ਨਿਰੰਤਰ ਹੈ ਪਰ ਇਹਤਿਆਤ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਮੂਹ ਵਿਭਾਗੀ ਅਧਿਕਾਰੀਆਂ ਨੂੰ ਸੁਚੇਤ ਰਹਿਣ ਤੇ ਅਗਾਊਂ ਪ੍ਰਬੰਧ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਸ ਮੌਕੇ ਐੱਸ.ਡੀ.ਐੱਮ ਡਾ. ਜੈ ਇੰਦਰ ਸਿੰਘ, ਐੱਸ.ਡੀ.ਐੱਮ ਭੁਲੱਥ ਰਣਜੀਤ ਸਿੰਘ, ਐੱਸ.ਡੀ.ਐੱਮ ਸੁਲਤਾਨਪੁਰ ਲੋਧੀ ਰਣਦੀਪ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਮੇਜਰ ਬੈਨੀਪਾਲ ਆਦਿ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।