ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 20 ਅਪਰੈਲ
ਨੇੜਲੇ ਪਿੰਡ ਜਗਰਾਵਾਂ ਵਿਖੇ ਦੁਪਹਿਰ ਕਰੀਬ 12.30 ਵਜੇ ਕਿਸਾਨਾਂ ਦੀ ਖੜ੍ਹੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਮੌਕੇ ’ਤੇ ਪਹੁੰਚੇ ਨਾਇਬ ਤਹਿਸੀਲਦਾਰ ਆਦਮਪੁਰ ਉਂਕਾਰ ਸਿੰਘ ਨੇ ਦੱਸਿਆ ਪਿੰਡ ਜਗਰਾਵਾਂ ਵਿਖੇ 2 ਜਗ੍ਹਾ ਬਿਜਲੀ ਦਾ ਸਰਕਟ ਸ਼ਾਰਟ ਹੋਣ ਕਰਕੇ ਕਰੀਬ 27 ਏਕੜ ਖੜ੍ਹੀ ਕਣਕ ਦੀ ਫਸਲ ਨੂੰ ਅੱਗ ਲੱਗਣ ਕਰਕੇ ਸਾਰੀ ਫਸਲ ਸੜ ਕੇ ਸੁਆਹ ਹੋ ਗਈ। ਇਨ੍ਹਾਂ ਵਿੱਚ ਕਿਸਾਨ ਬਲਜੀਤ ਸਿੰਘ ਵਾਸੀ ਸਮਸਤਪੁਰ ਦੇ 23 ਏਕੜ, ਕਰਮ ਸਿੰਘ ਵਾਸੀ ਜਗਰਾਵਾਂ 2 ਏਕੜ, ਸੁਖਵੀਰ ਸਿੰਘ ਵਾਸੀ ਜਗਰਾਵਾਂ 2 ਏਕੜ ਵਿਚ ਖੜ੍ਹੀ ਕਣਕ ਅੱਗ ਨਾਲ ਸੜ ਗਈ। ਉਨ੍ਹਾਂ ਕਿਹਾ ਕਿ ਪਟਵਾਰੀਆਂ ਵੱਲੋਂ ਸੜੀ ਹੋਈ ਫਸਲ ਦੀ ਰਿਪੋਰਟ ਤਿਆਰ ਕਰਦੇ ਡੀ.ਸੀ ਜਲੰਧਰ ਨੂੰ ਭੇਜ ਦਿੱਤੀ ਜਾਵੇਗੀ।
ਭੋਗਪੁਰ (ਬਲਵਿੰਦਰ ਸਿੰਘ ਭੰਗੂ): ਬਲਾਕ ਭੋਗਪੁਰ ਵਿੱਚ ਪੈਂਦੇ ਪਿੰਡ ਗੜ੍ਹੀਬਖਸ਼ਾ ਅਤੇ ਕੰਧਾਲਾ ਗੁਰੂ ਵਿਚ ਅੱਗ ਲੱਗਣ ਨਾਲ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬਿਜਲੀ ਦੀਆਂ ਤਾਰਾਂ ਵਿਚੋਂ ਚੰਗਿਆੜੀ ਨਿਕਲਣ ਨਾਲ ਬਹੁਤ ਸਾਰੇ ਕਿਸਾਨਾਂ ਦਾ ਕਣਕ ਦਾ ਨਾੜ ਸੜਨ ਦੇ ਨਾਲ-ਨਾਲ ਪਿੰਡ ਗੜ੍ਹੀਬਖਸ਼ਾ ਦੇ ਕਿਸਾਨ ਦੀ ਤਿੰਨ ਏਕੜ ਕਣਕ ਅਤੇ ਅਮਰੂਦਾਂ ਦਾ ਬਾਗ ਸੜ ਗਿਆ। ਇਸੇ ਤਰ੍ਹਾਂ ਪਿੰਡ ਜਮਾਲਪੁਰ ਦੇ ਕਿਸਾਨ ਹਰਭਜਨ ਸਿੰਘ ਦੀ ਚਾਰ ਏਕੜ ਕਣਕ ਸੜ ਗਈ ਅਤੇ ਹੋਰ ਕਿਸਾਨਾਂ ਦੀ ਕਣਕ ਦਾ ਵੀ ਬਹੁਤ ਨੁਕਸਾਨ ਹੋਇਆ। ਇਸ ਮੌਕੇ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਮੌਕੇ ’ਤੇ ਪਹੁੰਚ ਗਏ।
ਪਠਾਨਕੋਟ (ਐੱਨਪੀ ਧਵਨ): ਪਿੰਡ ਢਡਵਾਲ ਵਿੱਚ ਅਚਾਨਕ ਖੇਤਾਂ ਵਿੱਚ ਅੱਗ ਲੱਗਣ ਨਾਲ 25 ਏਕੜ ਤੋਂ ਜ਼ਿਆਦਾ ਫਸਲ ਸੜ ਕੇ ਸੁਆਹ ਹੋ ਗਈ। ਪਿੰਡ ਦੇ ਕਿਸਾਨਾਂ ਨੇ ਲੋਕਾਂ ਅਤੇ ਫਾਇਰ ਬ੍ਰਿਗੇਡ ਦੇ ਸਹਿਯੋਗ ਨਾਲ ਅੱਗ ’ਤੇ ਕਾਬੂ ਪਾਇਆ। ਪੀੜਤ ਕਿਸਾਨ ਧਿਆਨ ਸਿੰਘ, ਅਵਤਾਰ ਸਿੰਘ, ਭਾਨ ਸਿੰਘ, ਗੁਰਨਾਮ ਸਿੰਘ, ਦਲਵੀਰ ਸਿੰਘ, ਪਿਆਰਾ ਸਿੰਘ ਆਦਿ ਨੇ ਦੱਸਿਆ ਕਿ ਕਰੀਬ 25 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਕਿਸਾਨ ਪਿਆਰਾ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਫਸਲ ਵੱਢੀ ਗਈ ਸੀ। ਜਿਸ ਵਿੱਚ 70 ਪੰਡਾਂ ਸੜ ਕੇ ਸੁਆਹ ਹੋ ਗਈਆਂ।
ਮਜੀਠਾ (ਲਖਵਿੰਦਰ ਸਿੰਘ): ਪਿੰਡ ਹਰੀਆਂ ਤੇ ਪਿੰਡ ਕਲੇਰ ਮਾਂਗਟ ਦੇ ਸਾਂਝੇ ਰਕਬੇ ਹੇਠ ਪੰਜ ਏਕੜ ਕਣਕ ਦਾ ਨਾੜ ਤੇ ਢਾਈ ਏਕੜ ਖੜੀ ਕਣਕ ਨੂੰ ਅਚਾਨਕ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਈ। ਪਿੰਡ ਕਲੇਰ ਮਾਂਗਟ ਦੇ ਕਿਸਾਨ ਗੁਰਭੇਜ ਸਿੰਘ ਦੱਸਿਆ ਕਿ ਉਸ ਦਾ ਤੇ ਸਤਪਾਲ ਸਿੰਘ ਦਾ ਪੰਜ ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। ਇਸੇ ਤਰਾਂ ਜਗੀਰ ਸਿੰਘ ਵਾਸੀ ਪਿੰਡ ਹਰੀਆਂ ਦੀ ਸਵਾ ਏਕੜ ਕਣਕ ਦੀ ਫਸਲ ਤੇ ਲਖਵਿੰਦਰ ਸਿੰਘ ਵਾਸੀ ਪਿੰਡ ਕਲੇਰ ਮਾਂਗਟ ਦੀ ਸਵਾ ਏਕੜ ਕਣਕ ਦੀ ਖੜ੍ਹੀ ਫਸਲ ਲੱਗੀ ਅੱਗ ਦੀ ਭੇਟ ਚੜ੍ਹ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਫਗਵਾੜਾ ਵਿੱਚ ਕਣਕ ਦੇ ਨਾਲ ਨਾੜ ਵੀ ਸੜਿਆ; ਕਿਸਾਨਾਂ ਨੇ ਮੁਆਵਜ਼ਾ ਮੰਗਿਆ
ਫਗਵਾੜਾ (ਜਸਬੀਰ ਸਿੰਘ ਚਾਨਾ): ਇਥੋਂ ਦੀ ਖਲਵਾੜਾ ਕਾਲੋਨੀ ਦੇ ਨਾਲ ਲੱਗਦੇ ਖੇਤਾਂ ’ਚ ਬਿਜਲੀ ਸਰਕਟ ਸ਼ਾਟ ਹੋਣ ਕਾਰਨ ਖੇਤਾਂ ਨੂੰ ਅੱਗ ਲੱਗ ਗਈ ਜਿਸ ਕਾਰਨ ਕਰੀਬ 20-25 ਖੇਤਾਂ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਸਾਰ ਫਗਵਾੜਾ ਦੀ ਫ਼ਾਇਰ ਬ੍ਰਿਗੇਡ ਮੌਕੇ ’ਤੇ ਪੁੱਜੀ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਗ ’ਤੇ ਕਾਬੂ ਪਾਇਆ। ਜ਼ਮੀਨ ਦੇ ਮਾਲਕ ਅਵਤਾਰ ਸਿੰਘ, ਸਤਨਾਮ ਸਿੰਘ, ਸਰੂਪ ਸਿੰਘ, ਜਗਤਾਰ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਸ਼ਾਟ ਹੋਣ ਕਾਰਨ ਇਹ ਅੱਗ ਪਈ ਹੈ ਜਿਸ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਨ੍ਹਾਂ ’ਚ ਕਰੀਬ 12 ਨਾੜ ਤੇ 12 ਖੇਤ ਕਣਕ ਦੇ ਸ਼ਾਮਿਲ ਹਨ।