ਪੱਤਰ ਪ੍ਰੇਰਕ
ਦਸੂਹਾ, 18 ਜੂਨ
ਇੱਥੇ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਵੱਲੋਂ ਪੁਰਾਣੀ ਅਨਾਜ ਮੰਡੀ ਨੇੜਲੀ ਸਿਵਲ ਡਿਸਪੈਂਸਟਰੀ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ ਗਿਆ, ਜੋ ਸਰਕਾਰੀ ਬੇਰੁਖ਼ੀ ਕਾਰਨ ਪਿਛਲੇ 14 ਸਾਲਾਂ ਤੋਂ ਬੰਦ ਪਈ ਸੀ। ਇਸ ਮੌਕੇ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਦਵਿੰਦਰ ਪੁਰੀ, ਕਾਰਜਸਾਧਕ ਅਫ਼ਸਰ ਮਦਨ ਸਿੰਘ, ਵਪਾਰ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ, ਪ੍ਰਿਅੰਕਾ ਅਗਰਵਾਲ, ਰਾਜੂ ਠੁਕਰਾਲ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ। ਸ੍ਰੀ ਘੁੰਮਣ ਨੇ ਕਿਹਾ ਕਿ ਪਿਛਲੇ 14 ਸਾਲਾਂ ਤੋਂ ਬੰਦ ਪਈ ਡਿਸਪੈਂਸਰੀ ਕਾਰਨ ਲੋਕ ਇੱਥੋਂ ਮਿਲਣ ਵਾਲੀਆਂ ਸਿਹਤ ਸਹੂਲਤਾਂ ਤੋਂ ਵਾਂਝੇ ਸਨ। ਸਾਂਭ ਸੰਭਾਲ ਖੁਣੋਂ ਇਸ ਦੀ ਇਮਾਰਤ ਖਸਤਾ ਹਾਲਤ ਵਿੱਚ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਵਾਅਦੇ ਤਹਿਤ ਇਸ ਡਿਸਪੈਂਸਰੀ ਨੂੰ ਮੁੜ ਸੁਰਜੀਤ ਕਰਨ ਦਾ ਬੀੜਾ ਚੁੱਕਿਆ ਗਿਆ ਹੈ। ਇਸ ਮੌਕੇ ਸੋਨੂੰ ਖਾਲਸਾ, ਨਰਿੰਦਰਜੀਤ ਸਿੰਘ, ਸੰਤੋਖ ਤੋਖੀ, ਮਾ. ਜਸਵੰਤ ਸਿੰਘ, ਡਾ. ਸੁਖਵਿੰਦਰ ਸਿੰਘ, ਮੰਗਲ ਸਿੰਘ, ਮਨਜੀਤ ਬਲਹੋਤਰਾ, ਲਾਟੂ ਹਲਵਾਈ ਤੇ ਸੂਰਜ ਕਾਲੀਆ ਮੌਜੂਦ ਸਨ।