ਪੱਤਰ ਪ੍ਰੇਰਕ
ਭੋਗਪੁਰ, 27 ਜੁਲਾਈ
ਕੌਮੀ ਮਾਰਗ ’ਤੇ ਸਥਿਤ ਅੱਡਾ ਚੌਲਾਂਗ ਨੇੜੇ ਕਿਸਾਨ-ਮਜ਼ਦੂਰ ਏਕਤਾ ਹਸਪਤਾਲ ਦਾ ਉਦਘਾਟਨ ਖਾਲਸਾ ਏਡ ਦੇ ਏਸ਼ੀਆ ਡਾਇਰੈਕਟਰ ਅਮਰਪ੍ਰੀਤ ਸਿੰਘ ਨੇ ਕੀਤਾ, ਜੋ ਲੋੜਵੰਦ ਬਿਮਾਰ ਲੋਕਾਂ ਨੂੰ 24 ਘੰਟੇ ਮੈਡੀਕਲ ਸੇਵਾਵਾਂ ਉਪਲੱਬਧ ਕਰਵਾਏਗਾ। ਗੌਰਤਲਬ ਹੈ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਦੀਆਂ ਹੱਦਾਂ ’ਤੇ ਲਾਏ ਮੋਰਚੇ ਸਮੇਂ ਇਸ ਕਿਸਾਨ ਮਜ਼ਦੂਰ ਏਕਤਾ ਹਸਪਤਾਲ ਨੇ ਸਿੰਘੂ ਬਾਰਡਰ ’ਤੇ ਮੈਡੀਕਲ ਸੇਵਾਵਾਂ ਨਿਭਾਈਆਂ ਸਨ। ਹਸਪਤਾਲ ਵਿੱਚ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਚੈਰੀਟੇਬਲ ਲੈਬਾਰਟਰੀ ਦੀ ਸਥਾਪਨਾ ਕੀਤੀ ਗਈ ਹੈ। ਹਸਪਤਾਲ ਦਾ ਉਦਘਾਟਨ ਕਰਨ ਮਗਰੋਂ ਕਿਸਾਨ ਆਗੂ ਅਮਰਜੀਤ ਸਿੰਘ ਚੌਲਾਂਗ ਨੇ ਦੱਸਿਆ ਕਿ ਮਾਰੂ ਬਿਮਾਰੀਆਂ ਦੇ ਇਲਾਜ ਲਈ ਹਸਪਤਾਲ ਵਿੱਚ ਉੱਚ ਯੋਗਤਾ ਵਾਲੇ ਡਾਕਟਰ, ਉੱਚ ਤਕਨੀਕੀ ਅਤੇ ਸਵੈ-ਚਾਲਿਤ ਮਸ਼ੀਨ ਹਨ। ਉਨ੍ਹਾਂ ਨੇੇ ਮਹਿਮਾਨਾਂ, ਕਿਸਾਨ- ਮਜ਼ਦੂਰ ਆਗੂਆਂ ਤੇ ਹਸਪਤਾਲ ਦੇ ਸਟਾਫ਼ ਦਾ ਧੰਨਵਾਦ ਵੀ ਕੀਤਾ।