ਬਲਾਚੌਰ: ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਵਿੱਚ ਕੰਧ ਮੈਗਜ਼ੀਨ ‘ਪਹੁ ਫਟਾਲਾ’ ਸ਼ੁਰੂ ਕੀਤਾ ਗਿਆ। ਪ੍ਰਿੰਸੀਪਲ ਆਤਮਬੀਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਾਹਿਤਕ ਚੇਟਕ ਲਾਉਣ ਲਈ ਇਹ ਮੈਗਜ਼ੀਨ ਮਹੱਤਵਪੂਰਨ ਰੋਲ ਅਦਾ ਕਰੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਹਿਤ ਭਵਿੱਖ ਵਿੱਚ ਸਾਹਿਤਕ ਸਮਾਗਮ ਵੀ ਉਲੀਕੇ ਜਾਣਗੇ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੂੰ ਲੇਖਕਾਂ ਨਾਲ ਮਿਲਣ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਸਾਲਾਨਾ ਮੈਗਜ਼ੀਨ ਪੰਜਾਬੀ ਲੈਕਚਰਾਰ ਸੁਨੀਲ ਚੰਦਿਆਣਵੀ ਦੀ ਦੇਖ ਰੇਖ ਹੇਠ ਤਿਆਰ ਕਰਨ ਦਾ ਐਲਾਨ ਕੀਤਾ, ਜਿਸ ਵਿੱਚ ਕੁਮਾਰੀ ਕੰਚਨ ਤੇ ਰਮਨੀਤ ਕੌਰ ਇਸ ਮੈਗਜ਼ੀਨ ਦੇ ਵਿਦਿਆਰਥੀ ਸੰਪਾਦਕ ਹੋਣਗੇ। ਸੁਨੀਲ ਚੰਦਿਆਣਵੀ ਨੇ ਦੱਸਿਆ ਕਿ ਕੰਧ ਮੈਗਜ਼ੀਨ ਵਿੱਚ ਡਾ. ਸੁਰਜੀਤ ਪਾਤਰ, ਸੰਤ ਰਾਮ ਉਦਾਸੀ, ਅਵਤਾਰ ਪਾਸ਼, ਸਰਬਜੀਤ ਕੌਰ ਜੱਸ, ਬਲਵਿੰਦਰ ਸੰਧੂ ਤੇ ਗੁਰਪ੍ਰੀਤ ਦੀਆਂ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ। -ਨਿੱਜੀ ਪੱਤਰ ਪ੍ਰੇਰਕ