ਪੱਤਰ ਪ੍ਰੇਰਕ
ਭੁਲੱਥ, 3 ਫਰਵਰੀ
ਅੱਜ ਭਾਵੇਂ ਤੜਕੇ ਤੋਂ ਪੈ ਰਹੇ ਮੀਂਹ ਨਾਲ ਵਧੀ ਠੰਢ ਕਾਰਨ ਲੋਕ ਘਰਾਂ ਵਿਚ ਡੱਕੇ ਹੋਏ ਹਨ ਪ੍ਰੰਤੂ ਹਲਕੇ ਵਿੱਚ ਚੋਣ ਪ੍ਰਚਾਰ ਪੂਰੀ ਤਰ੍ਹਾਂ ਗਰਮ ਹੈ। ਕਾਂਗਰਸ ਪਾਰਟੀ ਵੱਲੋਂ ਸੁਖਪਾਲ ਸਿੰਘ ਖਹਿਰਾ ਅੱਜ ਆਪਣੇ ਹਲਕੇ ਵਿੱਚ ਨਹੀਂ ਸਨ ਪ੍ਰੰਤੂ ਉਨ੍ਹਾਂ ਦੇ ਐਡਵੋਕੇਟ ਪੁੱਤਰ ਮਹਿਤਾਬ ਸਿੰਘ ਖਹਿਰਾ ਵੱਲੋਂ ਆਪਣੀ ਟੀਮ ਨਾਲ ਢਿੱਲਵਾਂ ਇਲਾਕੇ ਗਾਜੀ ਗਡਾਣਾ ਤੇ ਹੋਰ ਪਿੰਡ ਵਿੱਚ ਘਰ-ਘਰ ਪਹੁੰਚ ਕੀਤੀ ਗਈ। ਇਸੇ ਤਰ੍ਹਾਂ ਅਕਾਲੀ ਦਲ ਦੀ ਬੀਬੀ ਜਗੀਰ ਕੌਰ, ਉਨ੍ਹਾਂ ਦੇ ਜਵਾਈ ਯੁਵਰਾਜ ਭੁਪਿੰਦਰ ਸਿੰਘ ਤੇ ਧੀ ਰਜਨੀਤ ਕੌਰ ਡੇਜੀ ਵੱਲੋਂ ਢਿੱਲਵਾਂ ਤੇ ਬੋਪਾਰਾਏ, ਮੇਤਲੇ ਆਦਿ ਪਿੰਡਾਂ ਵਿਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ। ਪੰਜਾਬ ਲੋਕ ਕਾਂਗਰਸ ਦੇ ਅਮਨਦੀਪ ਸਿੰਘ ਗਿੱਲ ਵੱਲੋਂ ਭਾਜਪਾ ਆਗੂਆਂ ਨਾਲ ਭੁਲੱਥ ਕਸਬੇ ਵਿਚ ਦੁਕਾਨਦਾਰਾਂ ਨੂੰ ਆਪਣੇ ਹੱਕ ਵਿਚ ਵੋਟਾਂ ਲਈ ਪ੍ਰੇਰਿਆ ਗਿਆ। ਆਮ ਆਦਮੀ ਪਾਰਟੀ ਦੇ ਰਣਜੀਤ ਸਿੰਘ ਰਾਣਾ ਤੇ ਉਨ੍ਹਾਂ ਦੇ ਪੁੱਤਰ ਗੁਰਸਿਮਰਨ ਸਿੰਘ ਵੱਲੋਂ ਅਕਾਲਾ, ਕਰਨੈਲ ਗੰਜ ਤੇ ਟਾਂਡੀ ਔਲਖ ਵਿਚ ਘਰ-ਘਰ ਕੰਪੇਨ ਕੀਤੀ ਗਈ। ਸੰਯੁਕਤ ਸਮਾਜ ਪਾਰਟੀ ਦੇ ਉਮੀਦਵਾਰ ਸਰਬਜੀਤ ਸਿੰਘ ਤੇ ਉਸ ਦੀ ਪਤਨੀ ਵੱਲੋਂ ਨਡਾਲੀ, ਅਕਬਰਪੁਰ, ਸਰੂਪਵਾਲ ਵਿੱਚ ਘਰੋ ਘਰੀ ਵੋਟਾਂ ਲਈ ਅਲਖ ਜਗਾਈ ਗਈ। ਇਸੇ ਤਰ੍ਹਾਂ ਆਜ਼ਾਦ ਉਮੀਦਵਾਰਾਂ ਵੱਲੋਂ ਵੀ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਵੋਟਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।
ਕਾਂਗਰਸੀ ਉਮੀਦਵਾਰ ਵੱਲੋਂ ਪਿੰਡਾਂ ਵਿਚ ਚੋਣ ਮੀਟਿੰਗਾਂ
ਸ਼ਾਹਕੋਟ: ਹਲਕਾ ਸ਼ਾਹਕੋਟ ਤੋਂ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਅੱਜ ਵਰ੍ਹਦੇ ਮੀਂਹ ਵਿਚ ਹੀ ਕਰੀਬ ਦਰਜਨ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ। ਪਿੰਡ ਬਾਜਵਾ ਖੁਰਦ,ਐਦਲਪੁਰ,ਬਾਂਹਮਣੀਆਂ ਖੁਰਦ, ਚੱਕ ਬਾਂਹਮਣੀਆਂ ਖੁਰਦ,ਬਾਂਹਮਣੀਆਂ, ਬਾਜਵਾ ਕਲਾਂ, ਕੋਟਲੀ ਗਾਜਰਾਂ ਅਤੇ ਸ਼ਾਹਕੋਟ ਵਿਚ ਜੁੜੇ ਇਕੱਠੰ ਨੂੰ ਸੰਬੋਧਨ ਕਰਦੇ ਕਿਹਾ ਕਿ ਉਨ੍ਹਾਂ ਵੱਲੋਂ ਹਲਕੇ ਵਿਚ ਲਿਆਂਦੀ ਵਿਕਾਸ ਦੀ ਹਨੇਰੀ ਦਾ ਮੁੱਲ ਹਲਕਾ ਵਾਸੀ ਉਨ੍ਹਾਂ ਨੂੰ ਦੂਜੀ ਵਾਰ ਜਿਤਾ ਕੇ ਮੋੜਨਗੇ। -ਪੱਤਰ ਪ੍ਰੇਰਕ