ਨਿੱਜੀ ਪੱਤਰ ਪ੍ਰੇਰਕ
ਜਲੰਧਰ, 13 ਅਗਸਤ
ਸਥਾਨਕ ਪੁਲੀਸ ਡੀਏਵੀ ਪਬਲਿਕ ਸਕੂਲ ਪੀਏਪੀ ਕੈਂਪਸ ਵਿੱਚ ਪ੍ਰਿੰਸੀਪਲ ਡਾ. ਰਸ਼ਮੀ ਵਿੱਜ ਦੀ ਅਗਵਾਈ ਵਿੱਚ ਤੀਆਂ ਮਨਾਈਆਂ ਗਈਆਂ। ਇਸ ਦੌਰਾਨ ਵਿਦਿਆਰਥਣਾਂ ਨੇ ਸਾਉਣ ਮਹੀਨੇ ਸਬੰਧੀ ਬੋਲੀਆਂ ਪਾ ਕੇ ਗਿੱਧੇ ਦਾ ਵੱਖਰਾ ਰੰਗ ਬੰਨ੍ਹਿਆ। ਮੁਟਿਆਰਾਂ ਨੇ ਪੀਂਘਾਂ ਝੂਟੀਆਂ ਤੇ ਸੱਭਿਆਚਾਰ ਨੂੰ ਦਰਸਾਉਂਦੀਆਂ ਵਸਤਾਂ ਵੀ ਪੇਸ਼ ਕੀਤੀਆਂ। ਇਸ ਮੌਕੇ ਕਰਵਾਏ ਮੁਕਾਬਲਿਆਂ ਵਿਚ ਆਰੀਅਨ ਕਾਲੀਆ ਨੂੰ ‘ਤੀਆਂ ਦਾ ਰਾਜਾ’, ਅਪੂਰਵਾ ਨੂੰ ‘ਤੀਆਂ ਦੀ ਰਾਣੀ’, ਹਰਮਨਜੋਤ ਸਿੰਘ ਨੂੰ ‘ਸੁੰਦਰ ਸਰਦਾਰ’, ਨਵਪ੍ਰੀਤ ਨੂੰ ‘ਸੁੰਦਰ ਮੁਟਿਆਰ’, ਹਰਜਸ ਸਿੰਘ ਨੂੰ ‘ਘੈਂਟ ਮੁੰਡਾ’ ਤੇ ਹਰਜੋਤ ‘ਘੈਂਟ ਮੁਟਿਆਰ’ ਚੁਣਿਆ ਗਿਆ। ਇਸੇ ਦੌਰਾਨ ਮੋਸਟ ਵੈੱਲ ਡਰੈਸਡ ਲੜਕਾ ਨੰਦਨ ਨੂੰ ਅਤੇ ਮੋਸਟ ਵੈੱਲ ਡਰੈਸਡ ਲੜਕੀ ਚੇਤੰਨਿਆ ਚੁਣੀ ਗਈ। ਸਾਰਾ ਪ੍ਰੋਗਰਾਮ ਸੁਪਰਵਾਈਜ਼ਰ ਰਾਜ ਕੁਮਾਰ ਦੀ ਨਿਗਰਾਨੀ ਹੇਠ ਕੀਤਾ ਗਿਆ।
ਦਸੂਹਾ (ਪੱਤਰ ਪ੍ਰੇਰਕ): ਇਥੇ ਗੁਰੂੁ ਤੇਗ ਬਹਾਦਰ ਕਾਲਜ ਫਾਰ ਵਿਮੈਨ ਦਸੂਹਾ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਸਬੰਧੀ ਪ੍ਰਿਸੰਪਲ ਨਰਿੰਦਰ ਕੌਰ ਘੁੰਮਣ ਦੀ ਅਗਵਾਈ ਹੇਠ ਕਰਵਾਏ ਸਮਾਰੋਹ ਵਿੱਚ ਕਾਲਜ ਪ੍ਰਬੰਧਕੀ ਕਮੇਟੀ ਦੇ ਸਕੱਤਰ ਭੁਪਿੰਦਰ ਸਿੰਘ ਰੰਧਾਵਾ, ਜੁਆਇੰਟ ਸਕੱਤਰ ਪਰਸ਼ੋਤਮ ਸਿੰਘ ਸੈਣੀ, ਮਨਦੀਪ ਕੌਰ, ਹਰਜੀਤ ਕੌਰ ਸੈਣੀ, ਜੀਟੀਬੀ ਖਾਲਸਾ ਕਾਲਜ (ਬੀ.ਐੱਡ) ਆਫ ਐਜੂਕੇਸ਼ਨ ਦੇ ਪ੍ਰਿੰ. ਡਾ. ਵਰਿੰਦਰ ਕੌਰ ਅਤੇ ਜੀਟੀਬੀ ਖਾਲਸਾ ਸਕੂਲ ਦੇ ਪ੍ਰਿੰ. ਡਾ. ਸੁਰਜੀਤ ਕੌਰ ਬਾਜਵਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਕਾਲਜ ਦੇ ਡੀਨ ਡਾ. ਰੁਪਿੰਦਰ ਕੌਰ ਰੰਧਾਵਾ ਨੇ ਵਿਦਿਆਰਥਣਾਂ ਨੂੰ ਆਪਣੇ ਅਮੀਰ ਵਿਰਸੇ ਵਿਰਾਸਤ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਸਾਹਿਤਕਾਰਾ ਡਾ. ਅਮਰਜੀਤ ਕੌਰ ਕਾਲਕਟ ਨੇ ਸ਼ਾਇਰਾਨਾ ਅੰਦਾਜ ਵਿੱਚ ਮੰਚ ਦਾ ਸੰਚਾਲਨ ਕਰਕੇ ਵਾਹ ਵਾਹ ਖੱਟੀ। ਇਸ ਮੋਕੇ ਪ੍ਰੋ. ਜੋਤੀ ਸੈਣੀ, ਪ੍ਰੋ. ਸੰਦੀਪ ਕੌਰ, ਰਜਿੰਦਰ ਕੌਰ ਸੈਣੀ ਮੌਜੂ ਸਨ।
ਬੀਡੀਪੀਓ ਵੱਲੋਂ ਮੁਟਿਆਰਾਂ ਦਾ ਸਨਮਾਨ
ਭੋਗਪੁਰ (ਪੱਤਰ ਪ੍ਰੇਰਕ): ਬਲਾਕ ਭੋਗਪੁਰ ਦੇ ਪਿੰਡ ਸਨੌਰਾ ’ਚ ਸਰਪੰਚ ਇੰਦਰਜੀਤ ਸਿੰਘ ਅਤੇ ਨੰਬਰਦਾਰ ਬਲਜੀਤ ਸਿੰਘ ਦੀ ਦੇਖ-ਰੇਖ ਵਿੱਚ ਪਿੰਡ ਦੀਆਂ ਮੁਟਿਆਰਾਂ ਨੇ ਤੀਆਂ ਦਾ ਤਿਉਹਾਰ ਮਨਾਇਆ। ਇਸ ਦਾ ਉਦਘਾਟਨ ਬੀਡੀਪੀਓ ਮਨਜਿੰਦਰ ਕੌਰ ਅਤੇ ਪੀਆਰਓ ਰਾਜਵਿੰਦਰ ਕੌਰ ਨੇ ਸਾਂਝੇ ਤੌਰ ’ਤੇ ਕੀਤਾ। ਮੁਟਿਆਰਾਂ ਨੇ ਬੋਲੀਆਂ ਪਾ ਕੇ ਅਤੇ ਨੱਚ ਕੇ ਧਰਤੀ ਹਿਲਾ ਦਿੱਤੀ ਅਤੇ ਅਕਾਸ਼ ਗੂੰਜਣ ਲਾ ਦਿੱਤਾ। ਬੀਡੀਪੀਓ ਮਨਜਿੰਦਰ ਕੌਰ ਨੇ ਪ੍ਰਬੰਧਕਾਂ ਅਤੇ ਮੁਟਿਆਰਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਤੀਆਂ ਦੇ ਤਿਓਹਾਰ ਵਿੱਚ ਹਿੱਸਾ ਲੈਣ ਵਾਲੀਆਂ ਮੁਟਿਆਰਾਂ ਨੂੰ ਸਨਮਾਨਤ ਵੀ ਕੀਤਾ ਗਿਆ।