ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 26 ਅਗਸਤ
ਆਰ.ਪੀ.ਐਫ ਜਲੰਧਰ ਤੇ ਸੀ.ਆਈ.ਬੀ. ਨੇ ਆਦਮਪੁਰ ਦੇ ਰੇਲਵੇ ਰੋਡ ’ਤੇ ਸਥਿਤ ਇੱਕ ਮੈਡੀਕਲ ਸਟੋਰ ਦੇ ਮਾਲਕ ਨੂੰ ਗੈਰਕਾਨੂੰਨੀ ਢੰਗ ਨਾਲ ਰੇਲਵੇ ਟਿਕਟਾਂ ਵੇਚਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਇਸ ਸਬੰਧ ਵਿਚ ਇੰਸਪੈਕਟਰ ਮੋਹਨ ਲਾਲ ਨੇ ਦੱਸਿਆ ਕਿ ਆਰਪੀਐਫ ਜਲੰਧਰ ਤੇ ਸੀਆਈਬੀ ਵਲੋਂ ਸਾਂਝੀ ਕਾਰਵਾਈ ਕਰਦਿਆਂ ਆਦਮਪੁਰ ਦੇ ਸੂਰੀ ਮੈਡੀਕਲ ਹਾਲ ਦੇ ਮਾਲਕ ਮੁਨੀਸ਼ ਸੂਰੀ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲੀਸ ਪਾਰਟੀ ਨੂੰ ਮੌਕੇ ’ਤੇ 14280 ਰੁਪਏ ਮੁੱਲ ਦੀਆਂ 7 ਟਿਕਟਾਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਲੰਬੇ ਸਮੇਂ ਤੋਂ ਰੇਲ ਵਿਭਾਗ ਵਲੋਂ ਇਕ ਆਈਡੀ ਤੋਂ ਟਿਕਟਾਂ ਬੁੱਕ ਹੋਣ ਦਾ ਡੈਟਾ ਪਹੁੰਚ ਰਿਹਾ ਸੀ, ਜਿਸ ਦੀ ਤਫਤੀਸ਼ ਲਈ ਆਰਪੀਐਫ ਜਲੰਧਰ ਤੇ ਸੀ.ਆਈ.ਬੀ. ਟੀਮ ਨੇ ਮੈਡੀਕਲ ਹਾਲ ’ਤੇ ਛਾਪਾ ਮਾਰਿਆ ਅਤੇ ਟਿਕਟਾਂ, ਕੰਪਿਊਟਰ ਤੇ ਪ੍ਰਿੰਟਰ ਨੂੰ ਕਬਜ਼ੇ ’ਚ ਲੈਂਦਿਆਂ ਕੇਸ ਦਰਜ ਕਰਕੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ।