ਹਰਪ੍ਰੀਤ ਕੌਰ/ਦੀਪਕ ਠਾਕੁਰ
ਹੁਸ਼ਿਆਰਪੁਰ/ਤਲਵਾੜਾ , 6 ਮਈ
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਾਜਾਇਜ਼ ਕਬਜ਼ੇ ਛੁਡਾਉਣ ਲਈ ਵਿੱਢੀ ਮੁਹਿੰਮ ਤਹਿਤ ਅੱਜ ਪਿੰਡ ਮਹਿਰਾ ਜੱਟਾਂ (ਬਲਾਕ ਤਲਵਾੜਾ) ਵਿੱਚ ਕਰੀਬ 15 ਸਾਲ ਤੋਂ ਪਿੰਡ ਦੇ 11 ਵਿਅਕਤੀਆਂ ਵਲੋਂ ਪੰਚਾਇਤੀ ਜ਼ਮੀਨ ਵਿਚ ਕੀਤਾ ਨਾਜਾਇਜ਼ ਕਬਜ਼ਾ ਛੁਡਾਇਆ ਗਿਆ। ਇਹ ਕਾਰਵਾਈ ਬੀ.ਡੀ.ਪੀ.ਓ ਤਲਵਾੜਾ ਸੁਖਪ੍ਰੀਤ ਪਾਲ ਸਿੰਘ ਦੀ ਅਗਵਾਈ ਹੇਠ ਗਠਿਤ ਟੀਮ ਵਲੋਂ ਕੀਤੀ ਗਈ। ਇਸ ਮੌਕੇ ਨਾਇਬ ਤਹਿਸੀਲਦਾਰ ਗੁਰਸੇਵਕ ਚੰਦ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਇਹ ਕਬਜ਼ਾ ਪਿੰਡ ਦੀ 12 ਏਕੜ, 5 ਕਨਾਲਾਂ ਤੇ 8 ਮਰਲਿਆਂ ਦੀ ਪੰਚਾਇਤੀ ਜ਼ਮੀਨ ਵਿਚ ਕੀਤਾ ਗਿਆ ਸੀ। 13 ਮਈ ਨੂੰ ਖੁੱਲ੍ਹੀ ਬੋਲੀ ਰਾਹੀਂ ਇਸ ਜ਼ਮੀਨ ਨੂੰ ਪਟੇ ’ਤੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਨਾਜਾਇਜ਼ ਕਬਜ਼ੇ ਛੁਡਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ ਬੀ.ਡੀ.ਪੀ.ਓਜ਼ ਵਲੋਂ ਅਜਿਹੇ ਪਿੰਡਾਂ ਦੀ ਸੂਚੀ ਤਿਆਰ ਕਰਕੇ ਕਬਜ਼ਾਕਾਰਾਂ ਕੋਲੋਂ ਕਬਜ਼ੇ ਛੁਡਵਾਏ ਜਾਣਗੇ।
ਜ਼ਿਲ੍ਹਾ ਪਠਾਨਕੋਟ ਅੰਦਰ 48 ਏਕੜ ਪੰਚਾਇਤੀ ਜ਼ਮੀਨ ’ਤੇ ਰਸੂਖਦਾਰਾਂ ਦੇ ਕਬਜ਼ੇ
ਪਠਾਨਕੋਟ (ਪੱਤਰ ਪ੍ਰੇਰਕ): ਜ਼ਿਲ੍ਹਾ ਪਠਾਨਕੋਟ ਅੰਦਰ ਕੁੱਲ 48 ਏਕੜ ਪੰਚਾਇਤੀ ਜ਼ਮੀਨ ਉਪਰ ਅਸਰ-ਰਸੂਖ ਰੱਖਣ ਵਾਲੇ ਲੋਕਾਂ ਨੇ ਨਜਾਇਜ਼ ਕਬਜ਼ੇ ਕਰ ਰੱਖੇ ਹਨ ਜਿਨ੍ਹਾਂ ਨੂੰ ਖਾਲੀ ਕਰਵਾਉਣ ਲਈ ਅੱਜ ਡੀਡੀਪੀਓ ਯੁਧਵੀਰ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹੇ ਅੰਦਰ ਪੈਂਦੇ 6 ਬਲਾਕਾਂ ਦੇ ਅਧਿਕਾਰੀਆਂ ਦੀ ਇੱਕ ਮੀਟਿੰਗ ਕੀਤੀ ਗਈ ਅਤੇ ਉਸ ਵਿੱਚ ਪੁਲੀਸ ਦੀ ਸਹਾਇਤਾ ਲੈਣ ਲਈ ਵਿਚਾਰ-ਚਰਚਾ ਕੀਤੀ ਗਈ। ਡੀਡੀਪੀਓ ਯੁਧਵੀਰ ਸਿੰਘ ਨੇ ਦੱਸਿਆ ਕਿ ਇਹ 48 ਏਕੜ ਜ਼ਮੀਨ 35 ਪੰਚਾਇਤਾਂ ਵਿੱਚ ਪੈਂਦੀ ਹੈ। ਇਸ ਜ਼ਮੀਨ ਵਿੱਚੋਂ ਸਭ ਤੋਂ ਜ਼ਿਆਦਾ 15 ਏਕੜ ਜ਼ਮੀਨ ਘਰੋਟਾ ਬਲਾਕ ਦੇ ਝਲੋਆ ਪਿੰਡ ਦੀ ਹੈ ਜਿਥੇ ਬਲਬੀਰ ਚੰਦ ਤੇ ਅਸ਼ਵਨੀ ਕੁਮਾਰ ਨੇ ਨਾਜਾਇਜ਼ ਕਬਜ਼ਾ ਕਰ ਰੱਖਿਆ ਹੈ ਪਰ ਇਸ ਦਾ ਕੇਸ ਅਦਾਲਤ ਵਿੱਚ ਲੱਗਾ ਹੋਇਆ ਹੈ ਅਤੇ ਅਦਾਲਤ ਨੇ ਸਟੇਅ ਕਰ ਰੱਖਿਆ ਹੈ। ਜਦ ਕਿ ਬਾਕੀ ਜ਼ਮੀਨ ਲਈ ਕਬਜ਼ਾ ਵਾਰੰਟ ਜਾਰੀ ਹੋ ਚੁੱਕੇ ਹਨ।