ਜਗਜੀਤ ਸਿੰਘ
ਮੁਕੇਰੀਆਂ, 5 ਅਕਤੂਬਰ
ਵਣ ਵਿਭਾਗ ਮੁਕੇਰੀਆਂ ਅਧੀਨ ਆਉਂਦੇ 13 ਸਰਕਾਰੀ ਜੰਗਲਾਂ ਵਿੱਚ ਕਥਿਤ ਭੂ-ਮਾਫੀਆ ਨਾਲ ਸਬੰਧਿਤ ਲੋਕਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਜੰਗਲਾਤ ਵਿਭਾਗ ਲਈ ਸਿਰਦਰਦੀ ਬਣੇ ਹੋਏ ਹਨ। ਪਿੰਡ ਮਹਿਤਾਬਪੁਰ ਤੋਂ ਬਾਅਦ ਹੁਣ ਮੁਕੇਰੀਆਂ ਅਧੀਨ ਪੈਂਦੇ ਪਿੰਡ ਮੁਰਾਦਪੁਰ ਜੱਟਾਂ ਵਿੱਚੋਂ ਜੰਗਲਾਤ ਵਿਭਾਗ ਨੇ 4 ਏਕੜ ਵਿਭਾਗੀ ਜ਼ਮੀਨ ਤੋਂ ਕਬਜ਼ਾ ਛੁਡਵਾ ਕੇ ਬੂਟੇ ਲਗਾਉਣੇ ਸ਼ੁਰੂ ਕੀਤੇ ਹਨ।
ਇਸ ਸਬੰਧੀ ਰੇਂਜ ਅਫ਼ਸਰ ਲਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਮੁਰਾਦਪੁਰ ਜੱਟਾਂ ਵਿੱਚ ਜੰਗਲਾਤ ਵਿਭਾਗ ਦੀ 52 ਏਕੜ ਜ਼ਮੀਨ ਹੈ, ਜਿਸ ਵਿੱਚੋਂ 25 ਏਕੜ ਜ਼ਮੀਨ ਬਿਆਸ ਦਰਿਆ ਦੇ ਨੇੜੇ, 22 ਏਕੜ ਜ਼ਮੀਨ ਬਿਆਸ ਦਰਿਆ ਦੇ ਵਿਚਕਾਰ ਅਤੇ ਬਿਆਸ ਦਰਿਆ ਦੇ ਪਾਰ ਕੰਢੇ ਉੱਤੇ 5 ਏਕੜ ਜ਼ਮੀਨ ਪੈਂਦੀ ਹੈ। ਪੰਜਾਬ ਸਰਕਾਰ ਨੇ ਇਸ ਜ਼ਮੀਨ ਨੂੰ 29 ਅਗਸਤ 2001 ਨੂੰ ਨੋਟੀਫਾਈ ਕਰਕੇ ਜੰਗਲਾਤ ਵਿਭਾਗ ਦੀ ਮਾਲਕੀ ਐਲਾਨਿਆ ਸੀ। ਦਰਿਆ ਦੇ ਪਾਰ ਪੈਂਦੀ ਇਸ ਜ਼ਮੀਨ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸ਼ੁਰੂ ਹੁੰਦੇ ਹਨ। ਇਸ ਜ਼ਮੀਨ ਵਿੱਚੋਂ 4 ਏਕੜ ਜ਼ਮੀਨ ਉੱਤੇ ਗੁਰਦਾਸਪੁਰ ਦੇ ਪਿੰਡ ਮੋਚਪੁਰ ਦੇ ਇੱਕ ਪਰਿਵਾਰ ਨੇ ਕਬਜ਼ਾ ਕੀਤਾ ਹੋਇਆ ਸੀ। ਵਿਭਾਗ ਨੇ ਲੰਬੀ ਜੱਦੋ ਜਹਿਦ ਉਪਰੰਤ ਇਸ ਜ਼ਮੀਨ ਉਪਰੋਂ ਸਾਲ 2020-21 ਵਿੱਚ ਕਬਜ਼ਾ ਛੁਡਾ ਕੇ ਸਾਲ 2021-22 ਦੌਰਾਨ 10 ਹਜ਼ਾਰ ਬੂਟੇ ਲਗਾਏ ਗਏ ਪਰ ਨਾਜਾਇਜ਼ ਕਬਜ਼ਾ ਧਾਰਕਾਂ ਨੇ 6 ਜੂਨ 2022 ਤੋਂ 10 ਜੂਨ 2022 ਦਰਮਿਆਨ ਉੱਥੇ ਲੱਗੇ 1816 ਬੂਟੇ ਵੱਢ ਕੇ ਪੁੱਟ ਦਿੱਤੇ ਤੇ ਮੁੜ 4 ਏਕੜ ਜ਼ਮੀਨ ਉੱਤੇ ਕਬਜ਼ਾ ਕਰ ਲਿਆ। ਇਸਦੇ ਖ਼ਿਲਾਫ਼ ਕਾਰਵਾਈ ਕਰਦਿਆਂ ਵਿਭਾਗ ਨੇ ਮੁੜ ਨਿਸ਼ਾਨਦੇਹੀ ਕਰਵਾ ਕੇ ਜ਼ਮੀਨ ਕਬਜ਼ੇ ਵਿੱਚ ਲੈ ਕੇ ਜੁਲਾਈ ਦੌਰਾਨ 670 ਬੂਟੇ ਲਗਾਏ ਸੀ ਪਰ ਕਬਜ਼ਾਧਾਰੀਆਂ ਵੱਲੋਂ ਮੁੜ ਇਨ੍ਹਾਂ ਬੂਟਿਆਂ ਨੂੰ ਨਸ਼ਟ ਕਰਕੇ ਵਿਭਾਗ ਵੱਲੋਂ ਲਗਾਏ ਕਰੀਬ 35 ਸੀਮਿੰਟ ਦੇ ਖੰਭੇ ਤੋੜ/ਪੁੱਟ ਦਿੱਤੇ ਤੇ ਜ਼ਮੀਨ ਦੇ ਵਿਚਕਾਰ ਇੱਕ ਝੌਂਪੜੀ ਪਾ ਕੇ ਜ਼ਮੀਨ ਉੱਤੇ ਮੁੜ ਕਬਜ਼ਾ ਜਮਾ ਲਿਆ ਸੀ। ਜਿਸਦੇ ਖ਼ਿਲਾਫ਼ ਜੰਗਲਾਤ ਵਿਭਾਗ ਨੇ ਬੀਤੇ ਦਿਨ ਕਾਰਵਾਈ ਕਰਦੇ ਹੋਏ ਕਬਜ਼ਾਧਾਰੀਆਂ ਨੂੰ ਉਥੋਂ ਖਦੇੜਦਿਆਂ ਮੁੜ ਵਿਭਾਗੀ ਜ਼ਮੀਨ ’ਤੇ ਕਬਜ਼ਾ ਕਰਕੇ ਬੂਟੇ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਵਣ ਰੇਂਜ ਅਫ਼ਸਰ ਲਖਵਿੰਦਰ ਪਾਲ ਸਿੰਘ, ਬਲਾਕ ਅਫ਼ਸਰ ਜਤਿੰਦਰ ਪਾਲ ਸਿੰਘ, ਵਣ ਗਾਰਡ ਰਾਜੇਸ਼ ਕੁਮਾਰ, ਅਜੇ ਕੁਮਾਰ, ਜਸਪਾਲ ਸਿੰਘ, ਪਰਮਜੀਤ ਸਿੰਘ ਅਤੇ ਗੁਰਜੀਤ ਸਿੰਘ ਆਦਿ ਵੀ ਹਾਜ਼ਰ ਸਨ।
ਕੀ ਕਹਿੰਦੇ ਨੇ ਮਹਿਕਮੇ ਦੇ ਅਧਿਕਾਰੀ
ਵਿਭਾਗੀ ਅਧਿਕਾਰੀ ਨੇ ਦੱਸਿਆ ਕਿ ਨਾਜਾਇਜ਼ ਕਬਜ਼ਾ ਧਾਰਕਾਂ ਖ਼ਿਲਾਫ਼ ਭਾਰਤੀ ਜੰਗਲਾਤ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਹੋਏ ਨੁਕਸਾਨ ਦਾ 1,81,600 ਰੁਪਏ ਜੁਰਮਾਨਾ ਕੀਤਾ ਗਿਆ ਹੈ।