ਦੀਪਕ ਠਾਕੁਰ
ਤਲਵਾੜਾ, 14 ਜੁਲਾਈ
ਇੱਥੇ ਬਿਆਸ ਅਤੇ ਸਵਾਂ ਦਰਿਆ ਦੇ ਕੰਢਿਆਂ ਦੇ ਦੋਵੇਂ ਪਾਸੇ ਕੀਤੇ ਜਾ ਰਹੇ ਗੈਰ ਕਾਨੂੰਨੀ ਖਣਨ ਨੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰੇ ’ਚ ਪਾ ਦਿੱਤਾ ਹੈ। ਦੋਵੇਂ ਦਰਿਆ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੀਆਂ ਸੀਮਾਵਾਂ ਨੂੰ ਵੱਖਰਾ ਕਰਦੇ ਹਨ। ਦਰਿਆਈ ਖ਼ੇਤਰ ਕਾਰਨ ਸੂਬਿਆਂ ਦੀ ਅਸਪੱਸ਼ਟ ਸੀਮਾਵਾਂ ਖਣਨ ਮਾਫੀਆ ਨੂੰ ਖੂਬ ਰਾਸ ਆ ਰਹੀਆਂ ਹਨ। ਮਾਈਨਿੰਗ ਮਾਫ਼ੀਆ ਦੀਆਂ ਕਥਿਤ ਗਤੀਵਿਧੀਆਂ ਕਾਰਨ ਇਨ੍ਹਾਂ ਦਰਿਆਵਾਂ ਦੇ ਬਹਾਅ ’ਤੇ ਮਾੜਾ ਪ੍ਰਭਾਵ ਪਿਆ ਹੈ। ਇਲਾਕੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ। ਬਿਆਸ ਦਰਿਆ ’ਚ ਕੀਤੇ ਜਾ ਰਹੇ ਅੰਨ੍ਹੇਵਾਹ ਕਥਿਤ ਖਣਨ ਨੇ ਪੌਂਗ ਡੈਮ ਤੇ ਸ਼ਾਹ ਨਹਿਰ ਬੈਰਾਜ ਲਈ ਖ਼ਤਰਾ ਪੈਦਾ ਕਰ ਦਿੱਤਾ ਹੈ।
ਭਾਵੇਂ ਦੋਵੇਂ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਮਾਨਸੂਨ ਸੀਜ਼ਨ ਸ਼ੁਰੂ ਹੋਣ ’ਤੇ ਖਣਨ ਕਾਰੋਬਾਰ ਬੰਦ ਹੋਣ ਅਤੇ ਨਾਜਾਇਜ਼ ਖਣਨ ’ਤੇ ਨਕੇਲ ਕੱਸਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਖਣਨ ਮਾਫ਼ੀਆ ਰਾਤ ਦੇ ਹਨੇਰੇ ’ਚ ਆਪਣੇ ਕਥਿਤ ਕੰਮ ਨੂੰ ਬੇਰੋਕ ਅੰਜਾਮ ਦੇ ਰਿਹਾ ਹੈ। ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ, ਹਾਜੀਪੁਰ ਦੇ ਸਕੱਤਰ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਦੇ ਸੂਬਾ ਜਨ ਸਕੱਤਰ ਧਰਮਿੰਦਰ ਸਿੰਘ ‘ਸਿੰਬਲੀ’ ਨੇ ਦੱਸਿਆ ਕਿ ਸਰਕਾਰ ਦੇ ਦਾਅਵਿਆਂ ਤੋਂ ਉਲਟ ਸਰਹੱਦੀ ਖ਼ੇਤਰ ’ਚ ਖਣਨ ਮਾਫ਼ੀਆ ਦੀਆਂ ਨਾਜਾਇਜ਼ ਗਤੀਵਿਧੀਆਂ ਜਾਰੀ ਹਨ। ਅੱਡਾ ਝੀਰ ਦਾ ਖੂਹ ਦੇ ਨਜ਼ਦੀਕ ਪਿੰਡ ਟੋਟਿਆਂ ਦੀ ਹੱਦ ’ਤੇ ਮੁਕੇਰੀਆਂ ਹਾਈਡਲ ਨਹਿਰ ਦੇ ਐਸਕੇਪ ਚੈਨਲ ’ਤੇ ਬਣੇ ਪੁੱਲ ਤੋਂ ਰਾਤ ਨੂੰ ਸੈਂਕੜੇ ਟਿੱਪਰ ਮਾਈਨਿੰਗ ਮਟੀਰੀਅਲ ਲੈ ਕੇ ਲੰਘਦੇ ਹਨ, ਨਹਿਰ ਦੀਆਂ ਸਲੈਬਾਂ ਬੈਠ ਗਈਆਂ ਹਨ।
ਬੀਤੀ ਰਾਤ ਹਿਮਾਚਲ ਪ੍ਰਦੇਸ਼ ਪੁਲੀਸ ਦੇ ਚੌਕੀ ਦੇ ਇੰਚਾਰਜ ਏਐੱਸਆਈ ਭਜਨ ਜਰਿਆਲ ਨੇ ਆਪਣੀ ਟੀਮ ਨਾਲ ਦੇਰ ਰਾਤ ਬਿਆਸ ਦਰਿਆ ’ਚ ਨਾਜਾਇਜ਼ ਮਾਈਨਿੰਗ ਕਰਦਿਆਂ ਦੋ ਜੇਸੀਬੀ ਅਤੇ ਤਿੰਨ ਟਿੱਪਰਾਂ ਨੂੰ ਕਾਬੂ ਕੀਤਾ ਹੈ। ਏਐੱਸਆਈ ਜਰਿਆਲ ਨੇ ਦੱਸਿਆ ਕਿ ਫੜੀ ਗਈ ਮਸ਼ੀਨਰੀ ਪੰਜਾਬ ਦੇ ਕਰੱਸ਼ਰਾਂ ਦੀ ਹੈ, ਜੋ ਰਾਤ ਦੇ ਵਕਤ ਹਿਮਾਚਲ ਪ੍ਰਦੇਸ਼ ਵਾਲੇ ਪਾਸੇ ਰੇ ਪੱਤਣ ਕੋਲ ਬਿਆਸ ਦਰਿਆ ’ਚੋਂ ਕਥਿਤ ਖਣਨ ਕਰ ਰਹੇ ਸਨ।