ਦੀਪਕ ਠਾਕੁਰ
ਤਲਵਾੜਾ, 7 ਜਨਵਰੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਾਅਵਿਆਂ ਤੋਂ ਉਲਟ ਖ਼ੇਤਰ ਵਿੱਚ ਨਾਜਾਇਜ਼ ਮਾਈਨਿੰਗ ਦਾ ਕੰਮ ਨਿਰਵਿਘਨ ਚੱਲ ਰਿਹਾ ਹੈ। ਬਲਾਕ ਦੇ ਪਿੰਡ ਸੁਖਚੈਨਪੁਰ ਵਿੱਚ ਪਹਾੜਾਂ ਦੀ ਪੁਟਾਈ ਨੇ ਰਫ਼ਤਾਰ ਫੜ ਲਈ ਹੈ, ਇਲਾਕੇ ਦੇ ਪ੍ਰਸਿੱਧ ਭੱਠਾ ਕਾਰੋਬਾਰੀ ਤੋਂ ਬਾਅਦ ਹੁਣ ਕਈ ਹੋਰ ਵੱਡੇ ਲੋਕਾਂ ਨੇ ਪਹਾੜੀਆਂ ਦੀ ਪੁਟਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜਦਕਿ ਵਿਭਾਗ ਕੋਲ਼ ਨਾ ਤਾਂ ਸੁਖਚੈਨਪੁਰ ਵਿਖੇ ਸਥਿਤ ਸਟੋਨ ਕਰੱਸ਼ਰ ਅਤੇ ਨਾ ਹੀ ਉਸ ਵੱਲੋਂ ਕੀਤੀ ਜਾ ਰਹੀ ਪਹਾੜਾਂ ਦੀ ਪੁਟਾਈ ਸਬੰਧੀ ਕੋਈ ਜਾਣਕਾਰੀ ਹੈ। ਨੀਮ ਪਹਾੜੀ ਪਿੰਡ ਭੋਲ ਬਦਮਾਣੀਆਂ ਦੇ ਵਸਨੀਕ ਤੇ ਨੌਜਵਾਨ ਆਗੂ ਨੀਰਜ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਕਿ ਖਣਨ ਮਾਫੀਆ ਪਿਛਲੇ ਕਰੀਬ ਇੱਕ ਸਾਲ ਤੋਂ ਮੁੱਹਲਾ ਰੜਵਾੜਾ ਦੀ ਰਿਹਾਇਸ਼ੀ ਅਬਾਦੀ ਦੇ ਨਜ਼ਦੀਕ ਪਿੰਡ ਸੁਖਚੈਨਪੁਰ ਦੀ ਹੱਦ ’ਤੇ ਸਟੋਨ ਕਰੱਸ਼ਰ ਲਗਾ ਕੇ ਪਹਾੜੀਆਂ ਦੀ ਪੁਟਾਈ ਕਰ ਰਿਹਾ ਹੈ, ਜਿਸ ਸਬੰਧੀ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਕਈ ਵਾਰ ਲਿਖਤੀ ਸ਼ਿਕਾਇਤਾਂ ਕੀਤੀਆਂ, ਪਰ ਕਾਰਵਾਈ ਤਾਂ ਕੋਈ ਹੋਈ ਨਹੀਂ, ਉਲਟਾ ਹੁਣ ਖਣਨ ਮਾਫੀਆ ਨੇ ਭੋਲ ਬਦਮਾਣੀਆਂ ਦੀਆਂ ਪਹਾੜੀਆਂ ਦੀ ਵੀ ਪੁਟਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜੰਗਲਾਤ ਵਿਭਾਗ ਦੇ ਬਲਾਕ ਅਫ਼ਸਰ ਅਮਰਵੀਰ ਨੇ ਕਿਹਾ ਕਿ ਇਹ ਰਕਬਾ ਜੰਗਲਾਤ ਦੀ ਦਫ਼ਾ 4 ਅਤੇ 5 ਅਧੀਨ ਨਹੀਂ ਆਉਂਦਾ। ਮਾਈਨਿੰਗ ਅਫ਼ਸਰ ਗਗਨ ਨੇ ਕਿਹਾ ਕਿ ਉਨ੍ਹਾਂ ਕੋਲ਼ ਕਰੱਸ਼ਰਾਂ ਦਾ ਚਾਰਜ ਹੈ, ਮਾਈਨਿੰਗ ਸਬੰਧੀ ਸ਼ਿਕਾਇਤ ਉਹ ਨਹੀਂ ਦੇਖਦੇ, ਉੱਧਰ ਮਾਈਨਿੰਗ ਵਿਭਾਗ ਦੇ ਜ਼ਿਲ੍ਹਾ ਪੱਧਰ ਦੇ ਅਧਿਕਾਰੀ ਨੇ ਦਾਅਵਾ ਕੀਤਾ ਕਿ ਮਾਈਨਿੰਗ ਅਫ਼ਸਰ ਕੋਲ ਕਰੱਸ਼ਰਾਂ ਸਮੇਤ ਨਾਜਾਇਜ਼ ਖਣਨ ਨੂੰ ਰੋਕਣ ਦੀ ਵੀ ਜਿੰਮੇਵਾਰੀ ਹੈ। ਨਾਇਬ ਤਹਿਸੀਲਦਾਰ ਤਲਵਾੜਾ ਗੁਰਸੇਵਕ ਚੰਦ ਨੇ ਕਿਹਾ ਕਿ ਨਾਜਾਇਜ਼ ਖਣਨ ਦੀ ਜਾਂਚ ਦੀ ਜਿੰਮੇਵਾਰੀ ਮਾਈਨਿੰਗ ਵਿਭਾਗ ਕੋਲ ਹੈ, ਉਹ ਮਾਲ ਮਹਿਕਮੇ ਨੂੰ ਨਿਸ਼ਾਨਦੇਹੀ ਲਈ ਕਹਿਣਗੇ ਤਾਂ ਪੂਰਾ ਸਹਿਯੋਗ ਕੀਤਾ ਜਾਵੇਗਾ। ਖੇਤਰ ’ਚ ਵੱਡੇ ਪੱਧਰ ’ਤੇ ਨਾਜਾਇਜ਼ ਖਣਨ ਦੇ ਚੱਲ ਰਹੇ ਕਾਰੋਬਾਰ ਸਬੰਧੀ ਮਾਈਨਿੰਗ ਵਿਭਾਗ ਦੇ ਚੀਫ਼ ਇਜੰਨੀਅਰ ਵਰਿੰਦਰਪਾਲ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਤਲਵਾੜਾ ‘ਚ ਸਵਾਂ ਦਰਿਆ ‘ਚ ਨਾਜਾਇਜ਼ ਖੁਦਾਈ ਦੇ ਮਾਮਲੇ ਵਿੱਚ ਵਿਭਾਗ ਨੇ 404 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ।