ਦੀਪਕ ਠਾਕੁਰ
ਤਲਵਾੜਾ, 27 ਜੁਲਾਈ
ਸਬ-ਡਵੀਜ਼ਨ ਮੁਕੇਰੀਆਂ ਅਧੀਨ ਬਲਾਕ ਤਲਵਾੜਾ ਤੇ ਹਾਜੀਪੁਰ ’ਚ ਬਰਸਾਤ ਦਾ ਮੌਸਮ ਸ਼ੁਰੂ ਹੋਣ ਦੇ ਬਾਵਜੂਦ ਮਾਈਨਿੰਗ ਦਾ ਕੰਮ ਜਾਰੀ ਹੈ। ਮਾਈਨਿੰਗ ਤੇ ਸਿਵਲ ਪ੍ਰਸ਼ਾਸਨ ਦੇ ਕਾਗਜ਼ਾਂ ’ਚ ਜੂਨ ਤੋਂ ਸਤੰਬਰ ਤੱਕ ਮਾਈਨਿੰਗ ’ਤੇ ਪਾਬੰਦੀ ਹੈ ਪਰ ਇਸ ਦੇ ਬਾਵਜੂਦ ਹਾਜੀਪੁਰ ਤੇ ਤਲਵਾੜਾ ਖ਼ੇਤਰਾਂ ’ਚ ਵਾਹੀਯੋਗ ਜ਼ਮੀਨਾਂ ਸਮੇਤ ਬਿਆਸ ਤੇ ਸਵਾਂ ਦਰਿਆ ’ਚ ਮਾਈਨਿੰਗ ਬੇਰੋਕ ਜਾਰੀ ਹੈ।
ਖੇਤਰ ’ਚ ਸਥਿਤ ਕਰੀਬ ਡੇਢ ਦਰਜਨ ਸਟੋਨ ਕਰੱਸ਼ਰ ਬਰਸਾਤ ਦੇ ਮੌਸਮ ’ਚ ਵੀ ਚੱਲ ਰਹੇ ਹਨ ਜਦਕਿ ਨੀਮ ਪਹਾੜੀ ਇਲਾਕੇ ਪਿੰਡ ਸੁਖਚੈਨਪੁਰ ਵਿੱਚ ਪਹਾੜੀਆਂ ਨੂੰ ਕੱਟਣ ਦਾ ਵੀ ਕੰਮ ਨਿਰੰਤਰ ਜਾਰੀ ਹੈ। ਦੂਜੇ ਪਾਸੇ ਬਲਾਕ ਤਲਵਾੜਾ ਦੇ ਪਿੰਡ ਰਾਮਗੜ੍ਹ ਸੀਕਰੀ ’ਚ ਸਵਾਂ ਦਰਿਆ ਦੇ ਦੂਜੇ ਬੰਨ੍ਹੇ ਪੈਂਦੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੇ ਪਿੰਡ ਰਣੋਹ ’ਚ ਲੱਗੇ ਸਟੋਨ ਕਰੱਸ਼ਰ ’ਤੇ ਪੰਜਾਬ ਸੀਮਾ ਅੰਦਰ ਵੜ ਕੇ ਸੀਕਰੀ ਪੰਚਾਇਤ ਦੀ ਜ਼ਮੀਨ ’ਤੇ ਪੁਟਾਈ ਕਰਨ ਦੇ ਦੋਸ਼ ਲੱਗੇ ਹਨ।
ਸੀਕਰੀ ਦੀ ਪੰਚਾਇਤ ਵੱਲੋਂ ਜ਼ਮੀਨ ਦੀ ਨਿਸ਼ਾਨਦੇਹੀ ਲਈ ਬੀਡੀਪੀਓ ਤਲਵਾੜਾ ਤੇ ਨਾਇਬ ਤਹਿਸੀਲਦਾਰ ਨੂੰ ਲਿਖਣ ਦੇ ਬਾਵਜੂਦ ਮਾਮਲਾ ਪੱਤਰ ਵਿਹਾਰ ’ਚ ਉਲਝਿਆ ਹੋਇਆ ਹੈ। ਇਸ ਸਬੰਧੀ ਪਿੰਡ ਰਾਮਗੜ੍ਹ ਸੀਕਰੀ ਦੇ ਸਰਪੰਚ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸਵਾਂ ਦਰਿਆ ’ਚ ਪੰਚਾਇਤ ਦੀ 429 ਕਨਾਲ ਦੇ ਕਰੀਬ ਜ਼ਮੀਨ ਪੈਂਦੀ ਹੈ, ਜੋ ਕਿ ਹਿਮਾਚਲ ਪ੍ਰਦੇਸ਼ ਦੀ ਸੀਮਾ ਨਾਲ ਲੱਗਦੀ ਹੈ। ਹਿਮਾਚਲ ਪ੍ਰਦੇਸ਼ ਦੇ ਪਿੰਡ ਰਣੋਹ ’ਚ ਲੱਗੇ ਸਟੋਨ ਕਰੱਸ਼ਰਾਂ ਦੇ ਮਾਲਕਾਂ ਵੱਲੋਂ ਕਥਿਤ ਤੌਰ ’ਤੇ ਸਵਾਂ ਦਰਿਆ ’ਚ ਪੁਟਾਈ ਕੀਤੀ ਜਾ ਰਹੀ ਹੈ। ਖਦਸ਼ਾ ਹੈ ਕਿ ਇਹ ਜ਼ਮੀਨ ਪੰਚਾਇਤ ਦੀ ਹੈ, ਜਿਸ ਦੀ ਨਿਸ਼ਾਨਦੇਹੀ ਲਈ ਪੰਚਾਇਤ ਵੱਲੋਂ ਪਿਛਲੇ ਇੱਕ ਸਾਲ ਤੋਂ ਬੀਡੀਪੀਓ ਦਫ਼ਤਰ ਤਲਵਾੜਾ ਅਤੇ ਨਾਇਬ ਤਹਿਸੀਲਦਾਰ ਦਫ਼ਤਰ ਨਾਲ ਪੱਤਰ ਵਿਹਾਰ ਕੀਤਾ ਜਾ ਰਿਹਾ ਹੈ ਪਰ ਕੋਈ ਹੱਲ ਨਹੀਂ ਨਿਕਲਿਆ। ਇਸ ਸਬੰਧ ਵਿੱਚ ਨਾਇਬ ਤਹਿਸੀਲਦਾਰ ਤਲਵਾੜਾ ਲਖਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਆਇਆਂ ਨੂੰ ਦੋ ਕੁ ਮਹੀਨੇ ਹੀ ਹੋਏ ਹਨ। ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ। ਉਨ੍ਹਾਂ ਨੇ ਭਲਕ ਹੀ ਪਤਾ ਕਰਵਾ ਕੇ ਜਲਦ ਨਿਸ਼ਾਨਦੇਹੀ ਕਰਵਾਉਣ ਦਾ ਭਰੋਸਾ ਦਿੱਤਾ।
ਬਰਸਾਤ ਦੇ ਮੌਸਮ ਵਿੱਚ ਖਣਨ ’ਤੇ ਮੁਕੰਮਲ ਰੋਕ: ਮਾਈਨਿੰਗ ਅਧਿਕਾਰੀ
ਮਾਈਨਿੰਗ ਵਿਭਾਗ ਦੇ ਜਨਰਲ ਮੈਨੇਜਰ ਸਰਤਾਜ ਸਿੰਘ ਨੇ ਕਿਹਾ ਕਿ ਬਰਸਾਤ ਦਾ ਮੌਸਮ ਹੋਣ ਕਾਰਨ ਮਾਈਨਿੰਗ ’ਤੇ ਮੁਕੰਮਲ ਰੋਕ ਹੈ। ਉਨ੍ਹਾਂ ਕਿਹਾ ਕਿ ਕਰੱਸ਼ਰ ਬੰਦ ਹਨ ਜਾਂ ਨਹੀਂ, ਇਸ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਹ ਵਿਭਾਗ ’ਚ ਨਵੇਂ ਆਏ ਹਨ। ਉਨ੍ਹਾਂ ਨੇ ਜਲਦ ਹੀ ਕਾਰਵਾਈ ਦਾ ਭਰੋਸਾ ਦਿੱਤਾ।