ਪੱਤਰ ਪ੍ਰੇਰਕ
ਸ਼ਾਹਕੋਟ, 10 ਸਤੰਬਰ
ਸ਼ਾਹਕੋਟ ਪੁਲੀਸ ਨੇ 625 ਬੋਤਲਾਂ ਨਾਜਾਇਜ਼ ਸ਼ਰਾਬ, 2000 ਲਿਟਰ ਲਾਹਣ, ਭੱਠੀ ਦਾ ਸਾਮਾਨ, 4 ਗੈਸ ਸਿਲੰਡਰ ਤੇ ਤਰਪਾਲਾਂ ਬਰਾਮਦ ਕੀਤੀਆਂ ਹਨ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਉਹ ਅਜੇ ਤਕ ਫ਼ਰਾਰ ਹਨ। ਐਸਐਚਓ ਸ਼ਾਹਕੋਟ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸਬ-ਇੰਸਪੈਕਟਰ ਬਲਕਾਰ ਸਿੰਘ ਨੇ ਪਿੰਡ ਭੋਇਪੁਰ ’ਚ ਮੰਗਤ ਰਾਜ ਤੇ ਵਿਜੇ ਦੇ ਘਰ ਛਾਪਾ ਮਾਰ ਕੇ ਸ਼ਰਾਬ ਦੀ ਮਿਨੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਮੁਲਜ਼ਮਾਂ ਨੇ ਘਰ ਦੇ ਬਾਥਰੂਮ ਵਿਚ ਲਾਹਣ ਪਾ ਕੇ ਉਸ ਨੂੰ ਤਰਪਾਲਾਂ ਨਾਲ ਢਕਿਆ ਹੋਇਆ ਸੀ। ਘਰ ਦੇ ਵਿਚ ਸ਼ਰਾਬ ਕੱਢਣ ਲਈ ਆਟੋਮੈਟਿਕ ਭੱਠੀ ਲਗਾਈ ਹੋਈ ਸੀ।
ਇਸੇ ਤਰ੍ਹਾਂ ਏਐਸਆਈ ਲਖਬੀਰ ਸਿੰਘ ਵੱਲੋਂ ਕੀਤੀ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਨੂੰ ਸ਼ੱਕ ਦੇ ਆਧਾਰ ’ਤੇ ਮੋਟਰਸਾਈਕਲ ਉੱਪਰ ਰੱਖੇ ਹੋਏ ਬੋਰੇ ਦੀ ਲਈ ਤਲਾਸ਼ੀ ਲਈ ਤਾਂ ਉਸ ਵਿਚੋਂ ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ। ਮੁਲਜ਼ਮ ਦੀ ਪਛਾਣ ਸੁਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਥੰਮੂਵਾਲ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਏ ਹਨ।