ਜੇ.ਬੀ.ਸੇਖੋਂ
ਗੜ੍ਹਸ਼ੰਕਰ, 3 ਮਾਰਚ
ਇਸ ਤਹਿਸੀਲ ਦੇ ਪਿੰਡ ਰਾਮਪੁਰ ਬਿਲੜੋਂ ਦੀ ਪੰਚਾਇਤ ਨੇ ਆਪਣੇ ਜੰਗਲੀ ਰਕਬੇ ਵਿੱਚੋਂ ਹਿਮਾਚਲ ਪ੍ਰਦੇਸ਼ ਦੇ ਕਰੱਸ਼ਰਾਂ ਲਈ ਨਾਜਾਇਜ਼ ਲਾਂਘਾ ਮੁੜ ਚਾਲੂ ਕਰ ਦਿੱਤਾ ਹੈ। ਇਸ ਨਾਲ ਹਿਮਾਚਲ ਪ੍ਰਦੇਸ਼ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਖਣਨ ਸਮੱਗਰੀ ਨਾਲ ਭਰੇ ਟਿੱਪਰ ਪੰਜਾਬ ’ਚ ਦਾਖਿਲ ਹੋ ਰਹੇ ਹਨ ਜਿਸ ਨਾਲ ਜਿੱਥੇ ਜੰਗਲਾਤ ਵਿਭਾਗ ਦੀਆਂ ਦਫਾ 4 ਅਤੇ 5 ਨਾਲ ਸਬੰਧਤ ਧਾਰਾਵਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ ਉੱਥੇ ਹੀ ਇਸ ਲਾਂਘੇ ਨਾਲ ਜੰਗਲ ਦੀ ਨਾਜਾਇਜ਼ ਕਟਾਈ ਤੇ ਜੰਗਲੀ ਜੀਵਾਂ ਦੇ ਸ਼ਿਕਾਰ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਇਸ ਸਬੰਧੀ ਪੜਤਾਲ ਕਰਨ ’ਤੇ ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਇਕ ਦੂਜੇ ’ਤੇ ਦੋਸ਼ ਲਾ ਕੇ ਸੁਰਖਰੂ ਹੋ ਰਹੇ ਹਨ। ਦੱਸਣਾ ਬਣਦਾ ਹੈ ਕਿ ਕਰੀਬ ਦੋ ਸਾਲ ਪਹਿਲਾਂ ਵੀ ਰਾਮਪੁਰ ਬਿਲੜੋਂ ਦੀ ਪੰਚਾਇਤ ਵੱਲੋਂ ਜੰਗਲ ਨੂੰ ਸਾਫ ਕਰਕੇ ਹਿਮਾਚਲ ਪ੍ਰਦੇਸ਼ ਦੇ ਕਰੱਸ਼ਰਾਂ ਲਈ ਇਹ ਲਾਂਘਾ ਚਾਲੂ ਕਰ ਦਿੱਤਾ ਸੀ ਜਿਸ ਸਬੰਧੀ ‘ਪੰਜਾਬੀ ਟ੍ਰਿਬਿਊਨ’ ’ਚ ਛਪੀਆਂ ਖ਼ਬਰਾਂ ਕਾਰਨ ਪ੍ਰਸ਼ਾਸਨ ਨੂੰ ਇਹ ਰਸਤਾ ਬੰਦ ਕਰਨਾ ਪਿਆ ਸੀ। ਹੁਣ ਦੋ ਸਾਲ ਬਾਅਦ ਪੰਚਾਇਤ ਵੱਲੋਂ ਮੁੜ ਇਹ ਰਸਤਾ ਚਾਲੂ ਕਰ ਦਿੱਤਾ ਗਿਆ ਹੈ ਜਿਸ ਕਾਰਨ ਹਿਮਾਚਲ ਦੇ ਗੋਂਦਪੁਰ ਤੋਂ ਖਣਨ ਸਮੱਗਰੀ ਨਾਲ ਭਰੇ ਵਾਹਨ ਜੰਗਲ ਦਾ ਅੱਠ ਦਸ ਕਿਲੋਮੀਟਰ ਲੰਮਾ ਰਸਤਾ ਤੈਅ ਕਰਕੇ ਕੰਢੀ ਨਹਿਰ ਦੀ ਪਟੜੀ ਤੋਂ ਹੁੰਦੇ ਹੋਏ ਨੰਗਲ ਸੜਕ ’ਤੇ ਪੈਂਦੇ ਪਿੰਡ ਖਾਨਪੁਰ ਨਿਕਲਦੇ ਹਨ। ਇਸ ਰਸਤੇ ਦੁਆਰਾ ਟਿੱਪਰ, ਟਰਾਲੀਆਂ ਤੇ ਟਰੱਕਾਂ ਦੀ ਆਵਾਜਾਈ ਦਿਨ ਵੇਲੇ ਘੱਟ ਪਰ ਰਾਤ ਨੂੰ ਬਹੁਤ ਵਧ ਜਾਂਦੀ ਹੈ। ਇਸ ਰਸਤੇ ਨਾਲ ਜਿੱਥੇ ਦੋਹਾਂ ਰਾਜਾਂ ਵਿਚਕਾਰ ਨਸ਼ੇ ਦੀ ਤਸਕਰੀ ਵਧਣ ਦੇ ਆਸਾਰ ਹਨ ਉੱਥੇ ਹੀ ਜੰਗਲ ਵਿੱਚੋਂ ਲੱਕੜ ਦੀ ਨਾਜਾਇਜ਼ ਕਟਾਈ ਵੀ ਸ਼ੁਰੂ ਹੋ ਗਈ ਹੈ। ਇਸ ਬਾਰੇ ਸਮਾਜ ਸੇਵੀ ਗੋਲਡੀ ਸਿੰਘ ਨੇ ਕਿਹਾ ਕਿ ਟਿਪੱਰਾਂ ਤੋਂ ਉੱਡਦੀ ਧੂੜ ਤੇ ਪ੍ਰਦੂਸ਼ਣ ਨਾਲ ਜੰਗਲ ਦੀ ਬਰਬਾਦੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਦਾ ਇਹ ਰਕਬਾ ਦਫਾ 4 ਤੇ 5 ਅਧੀਨ ਪੈਂਦਾ ਹੈ ਜਿੱਥੇ ਕਿਸੇ ਵੀ ਕੋਈ ਵਪਾਰਕ ਗਤੀਵਿਧੀ ਨਹੀਂ ਹੋ ਸਕਦੀ ਪਰ ਜੰਗਲਾਤ ਤੇ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਸ਼ਮੂਲੀਅਤ ਨਾਲ ਚਾਲੂ ਹੋਇਆ ਇਹ ਰਸਤਾ ਸ਼ਿਵਾਲਕ ਪਹਾੜਾਂ ਤੇ ਜੰਗਲਾਂ ਦੀ ਬਰਬਾਦੀ ਦਾ ਕਾਰਨ ਬਣ ਰਿਹਾ ਹੈ। ਕੰਢੀ ਸੰਘਰਸ਼ ਕਮੇਟੀ ਦੇ ਅਹੁਦੇਦਾਰ ਕਾਰੇਡ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਸ਼ਿਵਾਲਕ ਦੇ ਪਹਾੜ ਤੇ ਜੰਗਲ ਪੰਜਾਬ ਦੀ ਸਾਹ ਰਗ ਹਨ ਜਿਨ੍ਹਾਂ ਦਾ ਕਰੱਸ਼ਰ ਮਾਲਕਾਂ ਤੇ ਜੰਗਲ ਮਾਫੀਆ ਵੱਲੋਂ ਲਗਾਤਾਰ ਉਜਾੜਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਰਸਤੇ ਨਾਲ ਜੰਗਲ ਦੀ ਤਬਾਹੀ ਦੇ ਨਾਲ ਨਾਲ ਕੰਢੀ ਨਹਿਰ ਦੀ ਪਟੜੀ ਵੀ ਬਰਬਾਦ ਹੋਵੇਗੀ ਤੇ ਇਸ ਨਾਜਾਇਜ਼ ਲਾਂਘੇ ਨੂੰ ਬੰਦ ਕਰਾਉਣ ਸਬੰਧੀ ਉਹ ਮੁੜ ਸੰਘਰਸ਼ ਸ਼ੁਰੂ ਕਰਨਗੇ।
ਮਾਮਲੇ ਦੀ ਜਾਂਚ ਕੀਤੀ ਜਾਵੇਗੀ: ਡੀਐੱਫਓ
ਇਸ ਸਬੰਧੀ ਡੀਐੱਫਓ ਸਤਿੰਦਰ ਸਿੰਘ ਨੇ ਕਿਹਾ ਕਿ ਪੰਚਾਇਤ ਵੱਲੋਂ ਇਹ ਰਸਤਾ ਕਰੱਸ਼ਰ ਚਾਲਕਾਂ ਨੂੰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਹੋਰ ਜਾਂਚ ਕਰਨਗੇ। ਪਿੰਡ ਦੇ ਸਰਪੰਚ ਹਰਮੇਸ਼ ਸਿੰਘ ਨੇ ਕਿਹਾ ਕਿ ਪੰਚਾਇਤ ਦੀ ਸਹਿਮਤੀ ਨਾਲ ਇਹ ਰਸਤਾ ਕਰੱਸ਼ਰ ਮਾਲਕਾਂ ਨੂੰ ਦਿੱਤਾ ਗਿਆ ਹੈ ਜਿਸਦੇ ਇਵਜ਼ ਵਿੱਚ ਕਰੱਸ਼ਰ ਚਾਲਕਾਂ ਵੱਲੋਂ ਪਿੰਡ ਦੇ ਵਿਕਾਸ ਲਈ ਮਹੀਨਾਵਾਰ ਰਾਸ਼ੀ ਦੇਣੀ ਤੈਅ ਕੀਤੀ ਗਈ ਹੈ।