ਜੇ.ਬੀ. ਸੇਖੋਂ
ਗੜ੍ਹਸ਼ੰਕਰ, 2 ਸਤੰਬਰ
ਇਸ ਸ਼ਹਿਰ ਵਿੱਚੋਂ ਲੰਘਦੇ ਚੰਡੀਗੜ੍ਹ-ਹੁਸ਼ਿਆਰਪੁਰ ਮੁੱਖ ਮਾਰਗ ’ਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਪਿਛਲੇ ਕੁਝ ਮਹੀਨਿਆਂ ਤੋਂ ਕਥਿਤ ਤੌਰ ’ਤੇ ਗੈਰਕਾਨੂੰਨੀ ਇਮਾਰਤਾਂ ਦੀ ਉਸਾਰੀ ਦਾ ਰੁਝਾਨ ਵਧਦਾ ਜਾ ਰਿਹਾ ਹੈ। ਸ਼ਹਿਰ ਦੇ ਹੁਸ਼ਿਆਰਪੁਰ ਰੋਡ ਅਤੇ ਚੰਡੀਗੜ੍ਹ ਰੋਡ ’ਤੇ ਪੁਰਾਣੀਆਂ ਇਮਾਰਤਾਂ ਦੀ ਮੁਰੰਮਤ ਦੀ ਆੜ ਹੇਠ ਨਵੀਆਂ ਇਮਾਰਤਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਮਾਰਤਾਂ ਦੀ ਉਸਾਰੀ ਸਬੰਧੀ ਮੁੱਖ ਮਾਰਗ ਤੋਂ 9 ਫੁੱਟ ਦੂਰੀ ਦੇ ਫਾਸਲੇ ਦੇ ਨਿਯਮਾਂ ਦੀਆਂ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਅਜਿਹੀ ਇਕ ਮਿਸਾਲ ਸ਼ਹਿਰ ਦੇ ਵਿਚਕਾਰ ਮੁੱਖ ਸੜਕ ’ਤੇ ਪੈਂਦੇ ਧਾਰਮਿਕ ਸਥਾਨ ਗੁੱਗਾ ਮਾੜੀ ਕੋਲ ਬਣ ਰਹੀ ਇਮਾਰਤ ਦੀ ਹੈ। ਇਸ ਥਾਂ ਦੀ ਪੁਰਾਣੀ ਇਮਾਰਤ ਦੀ ਭੰਨ-ਤੋੜ ਕਰਕੇ ਨਵੀਂ ਇਮਾਰਤ ਬਣਾਈ ਜਾ ਰਹੀ ਹੈ ਜਦਕਿ ਕੌਂਸਲ ਦੇ ਸੂਤਰਾਂ ਅਨੁਸਾਰ ਇਸ ਥਾਂ ’ਤੇ ਸਥਿਤ ਪੁਰਾਣੀ ਇਮਾਰਤ ਦੀ ਮੁਰੰਮਤ ਦੀ ਮਨਜ਼ੂਰੀ ਲਈ ਗਈ ਹੈ ਪਰ ਮੁਰੰਮਤ ਦੀ ਆੜ ਹੇਠਾਂ ਇੱਥੇ ਨਵੀਂ ਇਮਾਰਤ ਖੜ੍ਹੀ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਸ਼ਹਿਰ ਵਿੱਚ ਬਿਲਡਰ ਮਾਫੀਆ ਵੱਲੋਂ ਕੌਂਸਲ ਦੇ ਨਿਯਮਾਂ ਨੂੰ ਦਰਕਿਨਾਰ ਕੀਤਾ ਜਾਂਦਾ ਹੈ ਅਤੇ ਪ੍ਰਸ਼ਾਸਨਿਕ ਮਿਲੀਭੁਗਤ ਨਾਲ ਅਜਿਹੀਆਂ ਗੈਰਕਾਨੂੰਨੀ ਇਮਾਰਤਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਦੱਸਣਾ ਬਣਦਾ ਹੈ ਕਿ ਦੁਕਾਨਾਂ ਅਤੇ ਹੋਰ ਅਦਾਰਿਆਂ ਦੇ ਪਾਰਕਿੰਗ ਸਥਾਨ ਦੀ ਮਨਜ਼ੂਰੀ ਵਾਲੀ ਥਾਂ ’ਤੇ ਵੀ ਬਿਲਡਰ ਮਾਫੀਆ ਵੱਲੋਂ ਦੁਕਾਨਾਂ ਬਣਾ ਦਿੱਤੀਆਂ ਜਾਂਦੀਆਂ ਹਨ।
ਸਬੰਧਿਤ ਧਿਰਾਂ ਨੂੰ ਨੋਟਿਸ ਭੇਜੇ: ਈਓ
ਇਸ ਬਾਰੇ ਸੰਪਰਕ ਕਰਨ ’ਤੇ ਨਗਰ ਕੌਂਸਲ ਦੇ ਈਓ ਦਲਜੀਤ ਸਿੰਘ ਨੇ ਕਿਹਾ ਕਿ ਉਕਤ ਇਮਾਰਤ ਦੀ ਉਸਾਰੀ ਵਿੱਚ ਬੇਨਿਯਮੀਆਂ ਦਾ ਪਤਾ ਲੱਗ ਗਿਆ ਹੈ ਅਤੇ ਇਸ ਸਬੰਧੀ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਕੇ ਉਸਾਰੀਆਂ ਜਾ ਰਹੀਆਂ ਇਮਾਰਤਾਂ ਦੇ ਕੰਮ ਰੋਕ ਦਿੱਤੇ ਗਏ ਹਨ।