ਜਸਬੀਰ ਸਿੰਘ ਚਾਨਾ
ਫਗਵਾੜਾ, 26 ਅਪਰੈਲ
ਪਿੰਡ ਭਾਖੜੀਆਣਾ ਵਿੱਚ ਇੱਕ ਪਤੀ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਤੇ ਆਪ ਹੀ ਕਤਲ ਦੀ ਸੂਚਨਾ ਪੁਲੀਸ ਨੂੰ ਦੇ ਕੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਕਹਿ ਦਿੱਤਾ ਜਿਸ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੂਚਨਾ ਮਿਲਦਿਆਂ ਹੀ ਐੱਸਪੀ ਸਰਬਜੀਤ ਸਿੰਘ, ਡੀਐੱਸਪੀ ਪਰਮਜੀਤ ਸਿੰਘ, ਐੱਸਐੱਚਓ ਰਾਵਲਪਿੰਡੀ ਮਨਜੀਤ ਸਿੰਘ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਰਣਜੀਤ ਕੌਰ (35) ਪਤਨੀ ਸੰਦੀਪ ਸਿੰਘ ਵਾਸੀ ਭਾਖੜੀਆਣਾ ਵਜੋਂ ਹੋਈ ਹੈ। ਇਨ੍ਹਾਂ ਦੇ ਦੋ ਪੁੱਤਰ ਸਨ ਜਿਸ ’ਚੋਂ ਇੱਕ ਦੀ ਉਮਰ 8 ਸਾਲ ਤੇ ਇੱਕ ਦੀ 3 ਸਾਲ ਦੱਸੀ ਜਾਂਦੀ ਹੈ। ਪਤੀ-ਪਤਨੀ ਦਾ ਕਾਫ਼ੀ ਸਮੇਂ ਤੋਂ ਆਪਸ ’ਚ ਝਗੜਾ ਰਹਿੰਦਾ ਸੀ ਜਿਸ ਸਬੰਧ ’ਚ ਲੜਕੀ ਨੇ ਸਰਪੰਚ ਨੂੰ ਸੂਚਿਤ ਵੀ ਕੀਤਾ ਸੀ ਤੇ ਸਰਪੰਚ ਨੇ ਬੈਠ ਕੇ ਮਾਮਲੇ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਸੀ ਪਰ ਅੱਜ ਸਵੇਰੇ 8.30 ਵਜੇ ਦੇ ਕਰੀਬ ਪਤੀ ਨੇ ਆਪਣੀ ਪਤਨੀ ਦਾ ਚੁੰਨੀ ਨਾਲ ਗਲਾ ਘੁੱਟ ਦਿੱਤਾ ਤੇ ਉਸ ਦੀ ਲਾਸ਼ ਨੂੰ ਬਾਥਰੂਮ ’ਚ ਸੁੱਟ ਦਿੱਤਾ ਤੇ ਬੱਚਿਆਂ ਨੂੰ ਇੱਕ ਕਮਰੇ ’ਚ ਬੰਦ ਕਰ ਦਿੱਤਾ। ਬਾਅਦ ’ਚ ਉਸ ਨੇ ਇਸ ਦੀ ਸੂਚਨਾ ਕੰਟਰੋਲ ਨੰਬਰ ’ਤੇ ਦੇ ਦਿੱਤੀ ਜਿਸ ਉਪਰੰਤ ਐੱਸਐੱਚਓ ਮੌਕੇ ’ਤੇ ਪੁੱਜੇ ਤੇ ਪੰਚਾਇਤ ਦੀ ਹਾਜ਼ਰੀ ’ਚ ਬੱਚਿਆਂ ਨੂੰ ਬਾਹਰ ਕੱਢਿਆ।
ਉਨ੍ਹਾਂ ਦੱਸਿਆ ਕਿ ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਕਤਲ ਦੇ ਸਬੰਧ ’ਚ ਕਥਿਤ ਦੋਸ਼ੀ ਖਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰ ਕੇ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜੋ ਡਰਾਈਵਰੀ ਦਾ ਕੰਮ ਕਰਦਾ ਸੀ।