ਗੁਰਦੇਵ ਸਿੰਘ ਗਹੂੰਣ
ਬਲਾਚੌਰ, 8 ਨਵੰਬਰ
ਜੰਗਲੀ ਜਾਨਵਰਾਂ ਨੂੰ ਬਚਾਉਣ ਹਿੱਤ ਸਰਕਾਰ ਵੱਲੋਂ ਸ਼ਿਕਾਰ ’ਤੇ ਪਾਬੰਦੀ ਲਗਾਉਣ ਦੇ ਬਾਵਜੂਦ ਬਲਾਚੌਰ ਤਹਿਸੀਲ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਦੇ ਸ਼ਿਵਾਲਿਕ ਦੇ ਜੰਗਲ ਵਿੱਚ ਸ਼ਿਕਾਰੀਆਂ ਵੱਲੋਂ ਰੋਜ਼ਾਨਾ ਰਾਤ ਸਮੇਂ ਬੇਖੌਫ ਹੋ ਕੇ ਜੰਗਲੀ ਜਾਨਵਰਾਂ ਨੂੰ ਮਾਰਿਆ ਜਾ ਰਿਹਾ ਹੈ। ਸ਼ਿਕਾਰੀਆਂ ਦੇ ਖੁੰਖਾਰ ਕੁੱਤਿਆਂ ਵੱਲੋਂ ਇਨ੍ਹਾਂ ਬੇਜ਼ੁਬਾਨ ਜਾਨਵਰਾਂ ਨੂੰ ਨੋਚ-ਨੋਚ ਕੇ ਖਾ ਲਿਆ ਜਾਂਦਾ ਹੈ।
ਇਸ ਸਭ ਦੇ ਬਾਵਜੂਦ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਜੰਗਲੀ ਜਾਨਵਰਾਂ ਦੇ ਹੋ ਰਹੇ ਸ਼ਿਕਾਰ ਨੂੰ ਅਣਡਿੱਠ ਕਰ ਰਿਹਾ ਹੈ।
ਜਾਣਕਾਰੀ ਅਨੁਸਾਰ ਪਿੰਡ ਮਾਲੇਵਾਲ, ਚੰਦਿਆਣੀ ਕਲਾਂ, ਝੰਡੂਪੁਰ, ਮਾਹੀਪੁਰ, ਬੱਲੋਵਾਲ ਸੌਂਖੜੀ ਅਤੇ ਭੱਦੀ ਦੇ ਨਾਲ ਲੱਗਦੇ ਸ਼ਿਵਾਲਿਕ ਦੇ ਜੰਗਲ ’ਚ ਰੋਜ਼ਾਨਾ ਰਾਤ ਸਮੇਂ ਸ਼ਿਕਾਰੀਆਂ ਵੱਲੋਂ ਹਥਿਆਰਾਂ ਅਤੇ ਖੁੰਖਾਰ ਕੁੱਤਿਆਂ ਨਾਲ ਬਾਰਾਸਿੰਗਾ, ਹਿਰਨ, ਨੀਲ ਗਾਂਵਾਂ, ਜੰਗਲੀ ਸੂਰਾਂ ਅਤੇ ਹੋਰ ਜੰਗਲੀ ਜਾਨਵਰਾਂ ਦਾ ਸ਼ਿਕਾਰ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਭੱਜਣ ਤੋਂ ਰੋਕਣ ਲਈ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਜਾਂਦਾ ਹੈ।
ਸ਼ਿਵਾਲਿਕ ਦੇ ਜੰਗਲ ਦੇ ਨਾਲ ਲੱਗਦੇ ਪਿੰਡਾਂ ਦੇ ਆਮ ਲੋਕਾਂ ਦਾ ਕਹਿਣਾ ਹੈ ਕਿ ਰਾਤ 9 ਵਜੇ ਤੋਂ ਬਾਅਦ ਰੋਜ਼ਾਨਾ ਗੱਡੀਆਂ ਅਤੇ ਮੋਟਰਸਾਈਕਲਾਂ ’ਤੇ ਨਸ਼ੇ ਵਿੱਚ ਟੱਲੀ ਹੋ ਕੇ ਨੌਜਵਾਨ ਸ਼ਿਕਾਰੀ ਖੁੰਖਾਰ ਕੁੱਤਿਆਂ ਸਮੇਤ ਆਉਂਦੇ ਹਨ ਅਤੇ ਉਨ੍ਹਾਂ ਦੇ ਬੰਜਰ ਪਏ ਝਾੜੀਆਂ ਵਾਲੇ ਰਕਬਿਆਂ ਅੰਦਰ ਅਤੇ ਸ਼ਿਵਾਲਿਕ ਦੇ ਜੰਗਲ ਵਿੱਚ ਜਿੱਥੇ ਜੰਗਲੀ ਜਾਨਵਰ ਲੁਕ ਕੇ ਰਹਿੰਦੇ ਹਨ, ਉੱਥੇ ਇਨ੍ਹਾਂ ਸ਼ਿਕਾਰੀਆਂ ਵੱਲੋਂ ਸ਼ਿਕਾਰ ਖੇਡਿਆ ਜਾਂਦਾ ਹੈ। ਸ਼ਿਕਾਰੀਆਂ ਦੀਆਂ ਤੇਜ਼ ਸਰਚ ਲਾਈਟਾਂ ਅਕਸਰ ਵੱਜਦੀਆਂ ਰਹਿੰਦੀਆਂ ਹਨ।
ਲੋਕਾਂ ਦੀ ਸਿਵਲ ਪ੍ਰਸ਼ਾਸਨ ਅਤੇ ਪੁਲੀਸ ਤੋਂ ਮੰਗ ਹੈ ਕਿ ਉਨ੍ਹਾਂ ਦੇ ਇਲਾਕੇ ਅੰਦਰ ਗੈਰ ਕਾਨੂੰਨੀ ਢੰਗ ਨਾਲ ਸ਼ਿਕਾਰੀਆਂ ਵੱਲੋਂ ਜੰਗਲੀ ਜਾਨਵਰਾਂ ਦੇ ਕੀਤੇ ਜਾ ਰਹੇ ਸ਼ਿਕਾਰ ਨੂੰ ਬੰਦ ਕਰਵਾਇਆ ਜਾਵੇ।