ਨਿੱਜੀ ਪੱਤਰ ਪ੍ਰੇਰਕ
ਜਲੰਧਰ, 21 ਅਪਰੈਲ
ਪਵਿੱਤਰ ਕਾਲੀ ਵੇਈਂ ਵਿੱਚ ਸੂਬਾ ਸਰਕਾਰ ਵੱਲੋਂ ਸਾਫ ਪਾਣੀ ਬੰਦ ਕਰਨ ਨਾਲ ਵੱਡੀ ਗਿਣਤੀ ਵਿੱਚ ਮੱਛੀਆਂ ਮਰਨ ਲੱਗੀਆਂ ਹਨ। ਪਿਛਲੇ ਕਈ ਦਿਨਾਂ ਤੋਂ ਵੇਈਂ ਵਿੱਚ ਪੈ ਰਿਹਾ ਸਾਫ਼ ਪਾਣੀ ਮੁਕੇਰੀਆਂ ਹਾਈਡੈਲ ਚੈਨਲ ਤੋਂ ਬੰਦ ਕੀਤੇ ਜਾਣ ਨਾਲ ਪਾਣੀ ਗੰਦਾ ਹੋ ਗਿਆ ਸੀ। ਗੁਰਦੁਆਰਾ ਬੇਰ ਸਾਹਿਬ ਦੇ ਨੇੜੇ ਵੇਈਂ ਵਿੱਚ ਸਭ ਤੋਂ ਵੱਧ ਮੱਛੀਆਂ ਮਰ ਰਹੀਆਂ ਹਨ। ਪਾਵਰਕੌਮ ਨੇ ਮੁਕੇਰੀਆ ਹਾਈਡਲ ਚੈਨਲ ਤੋਂ ਨਹਿਰ ਦੀ ਮੁਰੰਮਤ ਲਈ ਵੇਈਂ ਵਿੱਚ ਪੈ ਰਿਹਾ ਸਾਫ਼ ਪਾਣੀ 17 ਮਾਰਚ ਤੋਂ 30 ਅਪਰੈਲ ਤੱਕ ਘਟਾਉਣ ਦੇ ਲਿਖਤੀ ਹੁਕਮ ਜਾਰੀ ਕੀਤੇ ਹੋਏ ਹਨ। ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਵੇਈਂ ਵਿੱਚ 250 ਕਿਊਸਿਕ ਸਾਫ ਪਾਣੀ ਛੱਡਣ ਬਾਰੇ ਬਕਾਇਦਾ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੋਇਆ ਹੈ। ਨਿਗਰਾਨ ਕਮੇਟੀ ਨੇ ਵੀ ਹਦਾਇਤਾਂ ਕੀਤੀਆਂ ਹੋਈਆਂ ਹਨ ਕਿ 250 ਕਿਊਸਿਕ ਸਾਫ ਪਾਣੀ ਇਸ ਵਿੱਚ ਲਗਾਤਾਰ ਆਉਣਾ ਚਾਹੀਦਾ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਬਾਰੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ ਤੇ ਉਹ ਮੌਕਾ ਵੀ ਦੇਖਣ ਆਏ ਸਨ। ਵੇਈਂ ਵਿੱਚ ਲਗਾਤਾਰ ਮਰ ਰਹੀਆਂ ਮੱਛੀਆਂ ਨੂੰ ਬਚਾਉਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਾਤਾਵਰਨ ਇੰਜੀਨੀਅਰ ਨੇ ਪਾਵਰਕੌਮ ਦੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਵੇਈਂ ਵਿੱਚ 300 ਕਿਊਸਿਕ ਪਾਣੀ ਛੱਡਣ ਲਈ ਹਦਾਇਤਾਂ ਕੀਤੀਆਂ ਹਨ।
ਪਵਿੱਤਰ ਵੇਈਂ ਆਸਥਾ ਦਾ ਕੇਂਦਰ: ਸੀਚੇਵਾਲ
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਹ ਪਵਿੱਤਰ ਵੇਈਂ ਸਿੱਖ ਸੰਗਤਾਂ ਦੀ ਆਸਥਾ ਦਾ ਕੇਂਦਰ ਹੈ ਤੇ ਸੰਗਤਾਂ ਇਸ ਵਿੱਚ ਇਸ਼ਨਾਨ ਕਰਦੀਆਂ ਹਨ ਤੇ ਸ਼ਰਧਾਲੂ ਇਸ ਦਾ ਪਾਣੀ ਘਰਾਂ ਨੂੰ ਵੀ ਲੈ ਕੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਉਹ 2009 ਤੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਹਨ ਤੇ ਵੇਈਂ ਦੀ ਪਵਿੱਤਰਤਾ ਬਰਕਰਾਰ ਰੱਖਣ ਲਈ ਦੱਸਦੇ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪਵਿੱਤਰ ਵੇਈਂ ਵਿੱਚ ਸਾਫ਼ ਪਾਣੀ ਜਲਦੀ ਛੱਡਿਆ ਜਾਵੇ ਤਾਂ ਜੋ ਜੀਵਾਂ ਨੂੰ ਬਚਾਇਆ ਜਾ ਸਕੇ।