ਪੱਤਰ ਪ੍ਰੇਰਕ
ਫਗਵਾੜਾ, 5 ਅਕਤੂਬਰ
ਲਘੂ ਉਦਯੋਗ ਭਾਰਤੀ ਦੀ ਮੀਟਿੰਗ ਸਟੇਟ ਜੁਆਇੰਟ ਸੈਕਟਰੀ ਤੇ ਫਾਈਨ ਸਵਿੱਚ ਐਂਡ ਗੇਅਰਜ਼ ਦੇ ਐੱਮ.ਡੀ. ਅਸ਼ੋਕ ਸੇਠੀ ਦੇ ਦਫਤਰ ਵਿੱਚ ਹੋਈ। ਜਿਸ ਦੀ ਪ੍ਰਧਾਨਗੀ ਲਘੂ ਉਦਯੋਗ ਭਾਰਤੀ ਦੇ ਫਗਵਾੜਾ ਪ੍ਰਧਾਨ ਅਨਿਲ ਸਿੰਗਲਾ ਨੇ ਕੀਤੀ। ਇਸ ਦੌਰਾਨ ਕੱਚੇ ਮਾਲ ਤੇ ਕੋਲੇ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਅਨਿਲ ਸਿੰਗਲਾ ਤੇ ਮੁਖਿੰਦਰ ਸਿੰਘ ਨੇ ਦੱਸਿਆ ਕਿ ਲਾਕਡਾਊਨ ਦਰਮਿਆਨ ਕੱਚੇ ਮਾਲ ਦੀ ਕੀਮਤ ’ਚ ਕਰੀਬ 120 ਫ਼ੀਸਦੀ ਵਾਧਾ ਹੋਇਆ ਹੈ। ਪਿਛਲੇ ਦਸ ਦਿਨ ’ਚ ਕੱਚਾ ਮਾਲ ਚਾਰ ਰੁਪਏ ਕਿਲੋ ਵਧਿਆ ਹੈ। ਕੋਲੇ ਦੀ ਕੀਮਤ ਵੀ 28 ਤੋਂ 52 ਰੁਪਏ ਹੋ ਗਈ ਹੈ। ਕਾਸਟਿੰਗ ਸਮੇਂ ਵਰਤੇ ਜਾਣ ਵਾਲੇ ਕੈਮੀਕਲ 70 ਤੋਂ 80 ਰੁਪਏ ਦੀ ਜਗ੍ਹਾ ਹੁਣ 250 ਤੋਂ 260 ਰੁਪਏ ’ਚ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸਮਾਲ ਸਕੇਲ ਇੰਡਸਟਰੀ ਬਦਹਾਲੀ ਕੰਢੇ ਪੁੱਜ ਗਈ ਹੈ। ਗਾਹਕਾਂ ਦੇ ਆਰਡਰਾਂ ਦਾ ਭੁਗਤਾਨ ਮੁਸ਼ਕਲ ਹੋ ਗਿਆ ਹੈ। ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਸਮਾਲ ਸਕੇਲ ਇੰਡਸਟਰੀ ਨੂੰ ਬਚਾਉਣ ਲਈ ਕੱਚੇ ਮਾਲ, ਕੋਇਲੇ ਅਤੇ ਕੈਮੀਕਲਜ਼ ਦੀਆਂ ਕੀਮਤਾਂ ਨੂੰ ਘਟਾਇਆ ਜਾਵੇ। ਮੀਟਿੰਗ ’ਚ ਹੋਰਨਾਂ ਤੋਂ ਇਲਾਵਾ ਅਸ਼ੋਕ ਗੁਪਤਾ, ਅਜੀਤ ਸਿੰਘ ਵਾਲੀਆ, ਸੁਦੇਸ਼ ਸ਼ਰਮਾ, ਓਮ ਉੱਪਲ, ਅਮੋਘ ਸੋਬਤੀ, ਵਿਜੇ ਸਿੰਗਲਾ, ਸਵਤੰਤਰ ਗੁਪਤਾ, ਪ੍ਰਸ਼ਾਂਤ ਉੱਪਲ, ਗਿੰਨੀ ਭੱਲਾ, ਮੁਕੁਲ ਗੁਪਤਾ, ਪੁਨੀਤ ਗੁਪਤਾ ਵੀ ਸ਼ਾਮਿਲ ਸਨ।