ਪੱਤਰ ਪ੍ਰੇਰਕ
ਹੁਸ਼ਿਆਰਪੁਰ, 16 ਫਰਵਰੀ
ਵਿਧਾਨ ਸਭਾ ਚੋਣਾਂ ਵਿੱਚ ਰੁੱਝੇ ਹੋਣ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ ਜ਼ਿਲ੍ਹੇ ਵਿੱਚ 12 ਲੱਖ ਕਰੋਨਾ ਵੈਕਸੀਨੇਸ਼ਨ ਦੀ ਪਹਿਲੀ ਡੋਜ਼ ਸਮੇਤ ਵੈਕਸੀਨੇਸ਼ਨ ਦਾ ਅੰਕੜਾ 22 ਲੱਖ ਦੇ ਪਾਰ ਪੁੱਜ ਗਿਆ ਹੈ। ਇਸ ਸਬੰਧੀ ਡੀਸੀ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਦੇ 397 ਪਿੰਡਾਂ ਵਿਚ ਸੌ ਫੀਸਦੀ ਮੁਕੰਮਲ ਟੀਕਾਕਰਨ ਕਰਵਾਇਆ ਜਾ ਚੁੱਕਾ ਹੈ ਜਦਕਿ 900 ਪਿੰਡਾਂ ਵਿੱਚ ਪਹਿਲੀ ਡੋਜ਼ ਲਾਈ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ-19 ਤੋਂ ਬਚਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਡੋਰ-ਟੂ-ਡੋਰ ਵੈਕਸੀਨੇਸ਼ਨ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 12 ਲੱਖ 851 ਪਹਿਲੀ ਡੋਜ਼, 10 ਲੱਖ 18 ਹਜ਼ਾਰ 60 ਦੂਜੀ ਡੋਜ਼ ਅਤੇ 20 ਹਜ਼ਾਰ 948 ਬੂਸਟਰ ਡੋਜ਼ ਸਮੇਤ ਹੁਣ ਤੱਕ 22 ਲੱਖ 39 ਹਜ਼ਾਰ 859 ਦੇ ਕਰੀਬ ਕੋਵਿਡ ਵੈਕਸੀਨੇਸ਼ਨ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ 15 ਸਾਲ ਤੋਂ ਵੱਧ ਉਮਰ ਦੇ ਬੱਚੇ ਵੀ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਵਲੋਂ ਵਿੱਢੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਨੇ ਕੋਵਿਡ-19 ਵੈਕਸੀਨੇਸ਼ਨ ਨਹੀਂ ਕਰਵਾਈ, ਉਹ ਪਹਿਲ ਦੇ ਆਧਾਰ ’ਤੇ ਜ਼ਰੂਰ ਕਰਵਾਉਣ।