ਪੱਤਰ ਪ੍ਰੇਰਕ
ਹੁਸ਼ਿਆਰਪੁਰ, 18 ਫ਼ਰਵਰੀ
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ 18 ਫਰਵਰੀ ਨੂੰ ਸ਼ਾਮ 6 ਵਜੇ ਚੋਣ ਪ੍ਰਚਾਰ ਖਤਮ ਹੋ ਗਿਆ, ਉਥੇ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਚੋਣਾਂ ਕਰਵਾਉਣ ਲਈ ਜ਼ਿਲ੍ਹਾ ਮੈਜਿਸਟਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਮੈਜਿਸਟਰੇਟ ਅਪਨੀਤ ਰਿਆਤ ਵਲੋਂ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ’ਤੇ 20 ਫਰਵਰੀ ਨੂੰ ਵੋਟਾਂ ਸ਼ੁਰੂ ਹੋਣ ਦੇ ਸਮੇਂ ਤੋਂ ਲੈ ਕੇ ਵੋਟਾਂ ਖਤਮ ਹੋਣ ਦੇ ਸਮੇਂ ਤੋਂ 30 ਮਿੰਟ ਬਾਅਦ ਤੱਕ ਕਿਸੇ ਵੀ ਮਾਧਿਅਮ ਰਾਹੀਂ ਐਗਜ਼ਿਟ ਪੋਲ ਨੂੰ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕਰਨ ’ਤੇ ਪੂਰਨ ਪਾਬੰਦੀ ਲਗਾਈ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਚੋਣ ਪ੍ਰਚਾਰ ਖਤਮ ਹੋਣ ਉਪਰੰਤ ਚੋਣ ਲੜ ਰਹੇ ਉਮੀਦਵਾਰਾਂ ਦੇ ਹੱਕ ਵਿਚ ਕਿਸੇ ਕਿਸਮ ਦਾ ਜਲਸਾ-ਜਲੂਸ, ਰੈਲੀ/ਸਮਾਗਮ ਕਰਨ, ਕਿਸੇ ਕਿਸਮ ਦਾ ਇਕੱਠ ਕਰਨ ’ਤੇ ਵੀ ਪਾਬੰਦੀ ਲਗਾਈ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਇਕ ਹੋਰ ਹੁਕਮ ਜਾਰੀ ਕਰਦਿਆਂ ਚੋਣ ਲੜ ਰਹੇ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਆਏ ਬਾਹਰਲੇ ਵਿਅਕਤੀਆਂ, ਰਿਸ਼ਤੇਦਾਰਾਂ ਅਤੇ ਸਮਰਥਕਾਂ (ਜਿਹੜੇ ਸਬੰਧਤ ਵਿਧਾਨ ਸਭਾ ਹਲਕੇ ਦੇ ਵੋਟਰ ਨਹੀਂ ਹਨ) ਨੂੰ ਆਦੇਸ਼ ਦਿੱਤੇ ਹਨ ਕਿ ਉਹ ਚੋਣ ਪ੍ਰਚਾਰ ਖਤਮ ਹੋਣ ਤੋਂ ਤੁਰੰਤ ਬਾਅਦ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਬਾਹਰ ਚਲੇ ਜਾਣ। ਚੋਣ ਪ੍ਰਚਾਰ ਕਰਨ ’ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ 19 ਫਰਵਰੀ ਨੂੰ ਸਰਕਾਰੀ/ਅਰਧ ਸਰਕਾਰੀ/ਪ੍ਰਾਈਵੇਟ ਯੂੂਨੀਵਰਸਿਟੀ, ਕਾਲਜ ਅਤੇ ਸਕੂਲਾਂ ਦੇ ਬੱਚਿਆਂ ਨੂੰ ਛੁੱਟੀ ਘੋਸ਼ਿਤ ਕੀਤੀ ਗਈ ਹੈ। ਇਹ ਛੁੱਟੀ ਕੇਵਲ ਬੱਚਿਆਂ ਲਈ ਹੀ ਹੋਵੇਗੀ ਅਤੇ ਅਦਾਰੇ ਦੇ ਅਧਿਕਾਰੀ/ਕਰਮਚਾਰੀ ਆਪਣੀ ਡਿਊਟੀ ’ਤੇ ਮੌਜੂਦ ਰਹਿਣਗੇ।
ਚੋਣ ਅਮਲੇ ਵੱਲੋਂ ਨਕਦ ਮਿਹਨਤਾਨਾ ਦੇਣ ਦੀ ਮੰਗ
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦਰਜਾ ਤਿੰਨ ਤੇ ਚਾਰ ਕਰਮਚਾਰੀਆਂ ਦੀਆਂ ਪ੍ਰਸ਼ਾਸਨਿਕ ਦਫ਼ਤਰਾਂ ਵਿਚ ਡਿਊਟੀਆਂ ਲਗਾਈਆਂ ਗਈਆਂ ਹਨ ਜੋ ਵੋਟਾਂ ਦੀ ਗਿਣਤੀ ਤੱਕ ਜਾਰੀ ਰਹਿਣਗੀਆਂ। ਚੋਣ ਅਮਲੇ ਦੀ ਤਰ੍ਹਾਂ ਇਨ੍ਹਾਂ ਕਰਮਚਾਰੀਆਂ ਨੂੰ ਵੀ ਮਾਣ ਭੱਤੇ ਦੀ ਨਕਦ ਅਦਾਇਗੀ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫ਼ੈਡਰਸ਼ਨ ਦਾ ਇਕ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ। ਡਿਪਟੀ ਕਮਿਸ਼ਨਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਹੈ ਕਿ ਮੁੱਖ ਚੋਣ ਕਮਿਸ਼ਨ ਤੋਂ ਬਜਟ ਮੰਗਿਆ ਜਾਵੇਗਾ ਅਤੇ ਅਦਾਇਗੀ ਕਰਨ ਨੂੰ ਪਹਿਲ ਦਿੱਤੀ ਜਾਵੇਗੀ। ਵਫ਼ਦ ਨੇ ਇਹ ਵੀ ਮੰਗ ਕੀਤੀ ਕਿ ਪੋਲਿੰਗ ਪਾਰਟੀਆਂ ਦਾ ਖਾਣਾ ਤਿਆਰ ਕਰਨ ਵਾਲੇ ਮਿਡ ਡੇਅ ਮੀਲ ਵਰਕਰਾਂ ਨੂੰ ਵੀ ਨਕਦ ਮਿਹਨਤਾਨਾ ਦਿੱਤਾ ਜਾਵੇ। ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਮਿਡ ਡੇਅ ਮੀਲ ਵਰਕਰਾਂ ਨੂੰ ਵੀ ਮਿਹਨਤਾਨਾ ਦੇਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।