ਪਾਲ ਸਿੰਘ ਨੌਲੀ
ਜਲੰਧਰ, 23 ਅਗਸਤ
ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਹਾਕੀ ਟੀਮ ਦੇ ਖਿਡਾਰੀ ਤੇ ਪੁਲੀਸ ਡੀਏਵੀ ਪਬਲਿਕ ਸਕੂਲ ਦੇ ਸਾਬਕਾ ਵਿਦਿਆਰਥੀ ਹਾਰਦਿਕ ਸਿੰਘ ਨੇ ਅੱਜ ਸਕੂਲ ਦਾ ਦੌਰਾ ਕੀਤਾ। ਸਕੂਲ ਦੇ ਸਾਰੇ ਕੋਚਾਂ, ਸੁਪਰਵਾਈਜ਼ਰਾਂ ਤੇ ਪ੍ਰਿੰਸੀਪਲ ਡਾ. ਰਸ਼ਮੀ ਵਿੱਜ ਨੇ ਫੁੱਲਾਂ ਦੇ ਹਾਰ ਪਾ ਕੇ ਹਾਰਦਿਕ ਦਾ ਸਵਾਗਤ ਕੀਤਾ। ਇਸ ਮੌਕੇ ਸੇਵਾਮੁਕਤ ਡੀਜੀਪੀ ਐੱਮਐੱਸ ਭੁੱਲਰ ਤੇ ਐੱਸਪੀ ਸਪੋਰਟਸ ਪਦਮਸ੍ਰੀ ਬਹਾਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਹਾਰਦਿਕ ਸਿੰਘ ਤੇ ਉਸ ਦੇ ਪਿਤਾ ਐੱਸਪੀ ਵਰਿੰਦਰਪ੍ਰੀਤ ਸਿੰਘ ਰਾਏ ਤੇ ਮਾਤਾ ਕਮਲਜੀਤ ਕੌਰ ਨੂੰ ਵਧਾਈ ਦਿੱਤੀ। ਹਾਰਦਿਕ ਦੇ ਪਿਤਾ ਵੀ ਪੰਜਾਬ ਪੁਲੀਸ ਵਿੱਚ ਕੌਮਾਂਤਰੀ ਹਾਕੀ ਖਿਡਾਰੀ ਰਹੇ ਹਨ। ਪ੍ਰਿੰਸੀਪਲ ਡਾ. ਵਿੱਜ ਨੇ ਕf ਹਾਰਦਿਕ ਜਲੰਧਰ ਦਾ ਵਸਨੀਕ ਹੈ ਤੇ ਪੁਲੀਸ ਡੀਏਵੀ ਪਬਲਿਕ ਸਕੂਲ ਦਾ ਹੋਣਹਾਰ ਵਿਦਿਆਰਥੀ ਵੀ ਰਿਹਾ ਹੈ।
ਹਾਰਦਿਕ ਨੇ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਸ ਨੇ ਓਲੰਪਿਕ ਵਿੱਚ ਸਿਰਫ਼ ਹਿੱਸਾ ਲੈਣ ਲਈ ਨਹੀਂ ਸਗੋਂ ਭਾਰਤ ਨੂੰ ਜਿੱਤ ਦਿਵਾਉਣ ਲਈ ਭਾਗ ਲਿਆ ਸੀ। ਇਸ ਦੌਰਾਨ ਸਕੂਲ ਦੇ ਤਿੰਨ ਸਾਬਕਾ ਹਾਕੀ ਖਿਡਾਰੀ ਹਰਸਿਮਰਨਵੀਰ ਸਿੰਘ, ਲਵਨੂਰ ਸਿੰਘ ਅਤੇ ਅਜੈ ਪਾਲ ਸਿੰਘ ਵੀ ਹਾਰਦਿਕ ਸਿੰਘ ਨੂੰ ਮਿਲਣ ਲਈ ਪਹੁੰਚੇ।