ਜੇਬੀ ਸੇਖੋਂ
ਗੜ੍ਹਸ਼ੰਕਰ, 29 ਅਕਤੂਬਰ
ਸੰਤ ਬਾਬਾ ਹਰੀ ਸਿੰਘ ਖਾਲਸਾ ਕਾਲਜ ਆਫ ਐਜੂਕੇਸ਼ਨ, ਮਾਹਿਲਪੁਰ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ 22 ਬੀਐੱਡ ਕਾਲਜਾਂ ਦੇ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਦੇ ਅੱਜ ਦੂਜੇ ਦਿਨ ਨਾਟ ਵੰਨਗੀਆਂ ਅਤੇ ਲੋਕ ਕਲਾਵਾਂ ਦੀ ਪੇਸ਼ਕਾਰੀ ਨੇ ਦਰਸ਼ਕਾਂ ਦੀ ਵਾਹ-ਵਾਹੀ ਖੱਟੀ। ਇਸ ਮੌਕੇ ਸੇਵਾਮੁਕਤ ਪ੍ਰੋ. ਸਰਵਣ ਸਿੰਘ, ਪ੍ਰੋ. ਅਜੀਤ ਲੰਗੇਰੀ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਅੱਜ ਦੇ ਥੀਏਟਰੀਕਲ ਮੁਕਾਬਲੇ ਤਹਿਤ ਮਾਈਮ ਵਿੱਚ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਚੰਡੀਗੜ੍ਹ ਨੇ ਪਹਿਲਾ, ਬੀਸੀਐੱਮ ਕਾਲਜ ਆਫ ਐਜੂਕੇਸ਼ਨ ਲੁਧਿਆਣਾ ਨੇ ਦੂਜਾ ਅਤੇ ਏਐੱਸ ਕਾਲਜ ਆਫ ਐਜੂਕੇਸ਼ਨ ਖੰਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕਿੱਟ ਮੁਕਾਬਲੇ ਵਿੱਚ ਏਐੱਸ ਕਾਲਜ ਆਫ ਐਜੂਕੇਸ਼ਨ ਖੰਨਾ ਨੇ ਪਹਿਲਾ, ਬੀਸੀਐੱਮ ਕਾਲਜ ਆਫ ਐਜੂਕੇਸ਼ਨ ਲੁਧਿਆਣਾ ਨੇ ਦੂਜਾ ਅਤੇ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਚੰਡੀਗੜ੍ਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਿਮਿਕਰੀ ਮੁਕਾਬਲੇ ਵਿੱਚ ਦੇਵ ਸਮਾਜ ਕਾਲਜ ਚੰਡੀਗੜ੍ਹ ਨੇ ਪਹਿਲਾ, ਬੀਸੀਐੱਮ ਕਾਲਜ ਲੁਧਿਆਣਾ ਨੇ ਦੂਜਾ ਅਤੇ ਜੀਟੀਬੀ ਕਾਲਜ ਆਫ ਐਜੂਕੇਸ਼ਨ, ਦਸੂਹਾ ਨੇ ਤੀਜਾ ਸਥਾਨ ਹਾਸਲ ਕੀਤਾ।