ਪੱਤਰ ਪ੍ਰੇਰਕ
ਮੁਕੇਰੀਆਂ, 19 ਅਕਤੂਬਰ
ਇੱਥੇ ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖਸ਼ ’ਚ ਚੱਲ ਰਹੇ ਜ਼ੋਨਲ ਯੂਥ ਫੈਸਟੀਵਲ ਦੌਰਾਨ ਹੋਏ ਮਿਮਿਕਰੀ ਤੇ ਭੰਡ ਮੁਕਾਬਲਿਆਂ ਵਿੱਚ ਮੇਜ਼ਬਾਨ ਦਸਮੇਸ਼ ਗਰਲਜ਼ ਕਾਲਜ ਦੇ ਵਿਦਿਆਰਥੀ ਅੱਵਲ ਰਹੇ। ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਦੀ ਅਗਵਾਈ ਵਿੱਚ ਪ੍ਰਿੰਸੀਪਲ ਡਾ. ਕਰਮਜੀਤ ਕੌਰ ਦੀ ਪ੍ਰਧਾਨਗੀ ਹੇਠ ਚੱਲ ਰਹੇ ਇਸ ਯੁਵਕ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਅਦਾਕਾਰ ਅਮਿਤੋਜ ਮਾਨ ਨੇ ਸ਼ਿਰਕਤ ਕੀਤੀ, ਜਦੋਂਕਿ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਸੁਰਜੀਤ ਸਿੰਘ ਠਾਕੁਰ, ਅਦਾਕਾਰ ਸੋਨੀਆ ਮਾਨ ਅਤੇ ਐੱਸਐੱਸਪੀ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਪਹੁੰਚੇ। ਇਸ ਜ਼ੋਨ ਪੱਧਰੀ ਮੇਲੇ ਵਿੱਚ ਹੁਸ਼ਿਆਰਪੁਰ ਜ਼ੋਨ ਬੀ ਦੇ 14 ਕਾਲਜਾਂ ਦੇ ਵਿਦਿਆਰਥੀਆਂ ਨੇ ਪੇਸ਼ਕਾਰੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕਲਾ ਤੇ ਸੱਭਿਆਚਾਰ ਨੂੰ ਸਾਂਭਣ ਲਈ ਵਿਰਾਸਤੀ ਮੇਲੇ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਯੁਵਕ ਮੇਲੇ ਵਿੱਚ ਕੁੱਲ 62 ਆਈਟਮਾਂ ਕਰਵਾਈਆਂ ਗਈਆਂ। ਇਸ ਦੌਰਾਨ ਵੱਖ-ਵੱਖ ਕਾਲਜਾਂ ਤੋਂ ਆਏ ਪ੍ਰਿੰਸੀਪਲ, ਇੰਚਾਰਜਾਂ ਤੇ ਮੀਡੀਆ ਕਰਮੀਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਇਸ ਮੌਕੇ ਕਾਲਜ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ, ਪ੍ਰਿੰਸੀਪਲ ਡਾ. ਕਰਮਜੀਤ ਕੌਰ, ਕੁਲਦੀਪ ਸਿੰਘ ਬਰਿਆਣਾ, ਸੁਰਜੀਤ ਸਿੰਘ ਭੱਟੀਆਂ ਜੱਟਾਂ, ਸਤਪਾਲ ਸਿੰਘ, ਦਵਿੰਦਰ ਸਿੰਘ, ਗੁਰਜਿੰਦਰ ਸਿੰਘ ਚੱਕ, ਹਰਮਨਜੀਤ ਸਿੰਘ ਚੱਕ, ਗੁਰਦੀਪ ਸਿੰਘ, ਹਰਪਾਲ ਸਿੰਘ, ਹਰਿੰਦਰਜੀਤ ਸਿੰਘ, ਆਸ਼ਾ ਰਾਣੀ ਆਦਿ ਵੀ ਹਾਜ਼ਰ ਸਨ।