ਸੁਭਾਸ਼ ਜੋਸ਼ੀ
ਬਲਾਚੌਰ , 27 ਮਈ
ਆਮ ਆਦਮੀ ਪਾਰਟੀ ਵੱਲੋਂ ਕਰੋਨਾ ਕਾਲ ਦੌਰਾਨ ਲੋਕਾਂ ਨੂੰ ਡਾਕਟਰੀ ਸਹਾਇਤਾ ਦੇਣ ਲਈ ‘ਆਪ ਦਾ ਡਾਕਟਰ ਮੁਹਿੰਮ’ ਦਾ ਅਗਾਜ਼ ਜ਼ਿਲ੍ਹਾ ਸਕੱਤਰ ਮਨੋਹਰ ਲਾਲ ਤੇ ਸੂਬਾ ਜਨਰਲ ਸੈਕਟਰੀ ਟਰੇਡ ਵਿੰਗ ਸ਼ਿਵ ਕੌੜਾ ਨੇ ਕੀਤਾ। ਇਸ ਮੁਹਿੰਮ ਤਹਿਤ ਉਨ੍ਹਾਂ ਵੱਲੋਂ ਹੈਲਪਲਾਈਨ ਨੰਬਰ 7827275743 ਜਾਰੀ ਕੀਤਾ ਜਿਸ ’ਤੇ ਸੰਪਰਕ ਕਰਕੇ ਕੋਈ ਵੀ ਵਿਅਕਤੀ ਕਰੋਨਾ ਤੋਂ ਬਚਾਅ ਲਈ ਇਲਾਜ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਇਸ ਮੌਕੇ ਸ਼ਿਵ ਕੌੜਾ ਨੇ ਦੱਸਿਆ ਕਿ ਲੋਕ ਆਪ ਦੇ ਮੈਡੀਕਲ ਵਿੰਗ ਵੱਲੋਂ ਜਾਰੀ ਸਹਾਇਤਾ ਨੰਬਰ ’ਤੇ ਕਾਲ ਕਰਕੇ ਡਾਕਟਰਾਂ ਕੋਲੋਂ ਕਰੋਨਾ ਤੇ ਬਲੈਕ ਫੰਗਸ ਤੋ ਬਚਾਅ ਤੇ ਇਲਾਜ ਸਬੰਧੀ ਕੋਈ ਵੀ ਜਾਣਕਾਰੀ ਅਤੇ ਮੱਦਦ ਲੈ ਸਕਦੇ ਹਨ। ਸ਼ਿਵ ਕੌੜਾ ਨੇ ਕਿਹਾ ਕਿ ਪੰਜਾਬ ਤੇ ਕੇਦਰ ਸਰਕਾਰ ਕਰੋਨਾ ਖ਼ਿਲਾਫ਼ ਵੈਕਸੀਨ ਨੂੰ ਲੈ ਕੇ ਗੰਭੀਰ ਨਹੀਂ ਹੈ, ਕਿਉਂਕਿ ਸੂਬੇ ਵਿੱਚ ਵੈਕਸੀਨ ਦੀ ਕਾਫ਼ੀ ਘਾਟ ਹੈ। ਇਸ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਇਸ ਮੌਕੇ ਚੰਦਰ ਮੋਹਨ ਜੇਡੀ ਜ਼ਿਲ੍ਹਾ ਮੀਡੀਆ ਪ੍ਰਧਾਨ ਨੇ ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿੱਚ ਚਲਾਈ ਆਕਸੀ ਮਿੱਤਰ ਮੁਹਿੰਮ ਦਾ ਜ਼ਿਕਰ ਕੀਤਾ। ਇਸ ਮੌਕੇ ਬਲਵੀਰ ਕਰਨਾਣਾ ਪ੍ਰਧਾਨ ਜ਼ਿਲ੍ਹਾ ਐੱਸਸੀ ਵਿੰਗ, ਰਣਵੀਰ ਰਾਣਾ ਪ੍ਰਧਾਨ ਜ਼ਿਲ੍ਹਾ ਟਰੇਡ ਵਿੰਗ ਹਾਜ਼ਰ ਸਨ।