ਹਰਪ੍ਰੀਤ ਕੌਰ
ਹੁਸ਼ਿਆਰਪੁਰ,14 ਅਕਤੂਬਰ
ਪੀ.ਪੀ.ਐਸ ਅਧਿਕਾਰੀ ਕੁਲਵੰਤ ਸਿੰਘ ਹੀਰ ਨੇ ਅੱਜ ਜ਼ਿਲ੍ਹਾ ਪੁਲਿਸ ਮੁਖੀ ਵਜੋਂ ਅਹੁਦਾ ਸੰਭਾਲਦਿਆਂ ਕਿਹਾ ਕਿ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਣਾ ਕੇ ਰੱਖਣਾ, ਭੈੜੇ ਅਨਸਰਾਂ ਖਿਲਾਫ਼ ਚੱਲ ਰਹੀ ਮੁਹਿੰਮ ਨੂੰ ਹੋਰ ਤੇਜ਼ ਕਰਨਾ, ਟਰੈਫਿਕ ਵਿਵਸਥਾ ਨੂੰ ਹੋਰ ਦਰੁਸਤ ਕਰਨਾ ਅਤੇ ਪੁਲਿਸ-ਪਬਲਿਕ ਦੀ ਆਪਸੀ ਸਾਂਝ ਨੂੰ ਨਵੀਂ ਮਜ਼ਬੂਤੀ ਪ੍ਰਦਾਨ ਕਰਨਾ ਉਨ੍ਹਾਂ ਦੀ ਤਰਜ਼ੀਹ ਰਹੇਗੀ। ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਐੱਸਐੱਸਪੀ ਦਫ਼ਤਰ ਵਿੱਚ ਚਾਰਜ ਲੈਣ ਤੋਂ ਪਹਿਲਾਂ ਜ਼ਿਲ੍ਹਾ ਪੁਲੀਸ ਵੱਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਐੱਸਐੱਸਪੀ ਨੇ ਕਿਹਾ ਕਿ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣਾ ਅਤੇ ਲੋਕ ਮਸਲਿਆਂ ਦੇ ਤੁਰੰਤ ਨਬੇੜਿਆਂ ਨੂੰ ਤਰਜੀਹ ਦੇਣਗੇ।
ਬਟਾਲਾ(ਹਰਜੀਤ ਸਿੰਘ ਪਰਮਾਰ):ਬਟਾਲਾ ਵਿੱਚ ਸੀਨੀਅਰ ਕਾਂਗਰਸੀ ਆਗੂਆਂ ਵਿੱਚ ਚੱਲ ਰਹੀ ਸਿਆਸੀ ਕਸ਼ਮਕਸ਼ ਦੌਰਾਨ ਇੱਕ ਵਾਰ ਫਿਰ ਐੱਸਐੱਸਪੀ ਬਟਾਲਾ ਦਾ ਤਬਾਦਲਾ ਹੋ ਗਿਆ। ਅੱਜ ਪੀਪੀਐੱਸ ਅਧਿਕਾਰੀ ਮੁਖਵਿੰਦਰ ਸਿੰਘ ਭੁੱਲਰ ਨੇ ਬਟਾਲਾ ਦੇ ਐੱਸਐੱਸਪੀ ਵਜੋਂ ਅਹੁਦਾ ਸੰਭਾਲ ਲਿਆ। ਸ੍ਰੀ ਭੁੱਲਰ ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਡੀਸੀਪੀ (ਡਿਟੈਕਟਿਵ) ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਉਨ੍ਹਾਂ ਨੇ ਅਧਿਕਾਰੀ ਅਸ਼ਵਨੀ ਕਪੂਰ (ਆਈਪੀਐੱਸ) ਦੀ ਥਾਂ ਲਈ ਹੈ। ਸ੍ਰੀ ਭੁੱਲਰ ਨੇ ਕਿਹਾ ਕਿ ਪੁਲੀਸ ਜ਼ਿਲ੍ਹਾ ਬਟਾਲਾ ਵਿੱਚ ਕਾਨੂੰਨ ਵਿਵਸਥਾ ਨੂੰ ਹਰ ਹਾਲ ਵਿੱਚ ਬਰਕਰਾਰ ਰੱਖਿਆ ਜਾਵੇਗਾ ਅਤੇ ਗੈਰਸਮਾਜੀ ਅਨਸਰਾਂ ਉੱਪਰ ਪੂਰੀ ਤਰ੍ਹਾਂ ਲਗਾਮ ਕੱਸੀ ਜਾਵੇਗੀ।