ਜਗਜੀਤ ਸਿੰਘ
ਮੁਕੇਰੀਆਂ, 21 ਦਸੰਬਰ
ਸੂਬੇ ਨੂੰ ਪੰਜ ਪਾਵਰ ਹਾਊਸਾਂ ਜ਼ਰੀਏ 216 ਮੈਗਾਵਾਟ ਬਿਜਲੀ ਉਤਪਾਦਨ ਦੇਣ ਵਾਲੀ ਮੁਕੇਰੀਆਂ ਹਾਈਡਲ ਨਹਿਰ ਦੀਆਂ ਪਟੜੀਆਂ ਤੋਂ ਮਨਾਹੀ ਦੇ ਬਾਵਜੂਦ ਟਿੱਪਰਾਂ ਦੀ ਭਾਰੀ ਆਵਾਜਾਈ ਹੁੰਦੀ ਹੈ। ਪਾਵਰ ਹਾਊਸ ਨੰਬਰ ਇੱਕ ਤੋਂ ਕੁਝ ਦੂਰੀ ’ਤੇ ਲੰਘਦੀ ਭਾਰੀ ਆਵਾਜਾਈ ਕਾਰਨ ਸਲੈਬਾਂ ਬੈਠ ਗਈਆਂ ਹਨ। ਪਰ ਹਾਈਡਲ ਅਧਿਕਾਰੀ ਸਿਰਫ਼ ਮਨਾਹੀ ਵਾਲਾ ਬੋਰਡ ਲਗਾ ਕੇ ਡੰਗ ਟਪਾ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਲਾਕੇ ਦੀ ਕਰੀਬ 36 ਕਿਲੋਮੀਟਰ ਲੰਮੀ ਮੁਕੇਰੀਆਂ ਹਾਈਡਲ ਨਹਿਰ ’ਤੇ ਪੰਜ ਪਾਵਰ ਹਾਊਸ ਲੱਗੇ ਹੋਏ ਹਨ। ਇਨ੍ਹਾਂ ਤੋਂ ਸਰਕਾਰ ਨੂੰ ਰੋਜ਼ਾਨਾ ਦੋ ਕਰੋੜ ਰੁਪਏ ਤੋਂ ਵੱਧ ਦਾ ਬਿਜਲੀ ਉਤਪਾਦਨ ਹੋ ਰਿਹਾ ਹੈ। ਨਹਿਰ ਦੇ ਸ਼ੁਰੂ ਵਿੱਚ ਹੀ ਪੈਂਦੇ ਪਾਵਰ ਹਾਊਸ ਨੰਬਰ ਇੱਕ ਤੋਂ ਹੇਠਾਂ ਨਹਿਰੀ ਪਟੜੀਆਂ ’ਤੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਟਿੱਪਰਾਂ ਦੀ ਭਾਰੀ ਆਵਾਜਾਈ ਨੂੰ ਰੋਕਣ ਵੱਲ ਕੋਈ ਅਧਿਕਾਰੀ ਧਿਆਨ ਨਹੀਂ ਦੇ ਰਿਹਾ। ਭਾਰੀ ਵਾਹਨਾਂ ਦੇ ਲਾਂਘੇ ਕਾਰਨ ਨਹਿਰ ਦੀਆਂ ਸਲੈਬਾਂ ਬੈਠ ਚੁੱਕੀਆਂ ਹਨ। ਇੱਥੇ ਬਣੇ ਦੋ ਪੁਲਾਂ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਇਹ ਪੁਲ ਕਿਸੇ ਵੇਲੇ ਵੀ ਬੈਠ ਸਕਦੇ ਹਨ। ਇਸ ਨਹਿਰ ਰਾਹੀਂ 11,500 ਕਿਊਸਿਕ ਪਾਣੀ ਵਗਦਾ ਹੈ, ਜਿਸ ਕਰਕੇ ਇੱਥੇ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਕਿਸੇ ਸੰਭਾਵੀ ਹਾਦਸੇ ਦੀ ਸੂਰਤ ਵਿੱਚ ਨਹਿਰ ਬੰਦ ਹੋਣ ਕਾਰਨ ਪੰਜੇ ਪਾਵਰ ਹਾਊਸਾਂ ਤੋਂ ਬਿਜਲੀ ਉਤਪਾਦਨ ਠੱਪ ਹੋ ਜਾਵੇਗਾ। ਹਾਈਡਲ ਅਧਿਕਾਰੀਆਂ ਨੇ ਪੁਲ ਤੇ ਨਹਿਰੀ ਪਟੜੀਆਂ ਤੋਂ ਭਾਰੀ ਆਵਾਜਾਈ ਸਖ਼ਤੀ ਨਾਲ ਰੋਕਣ ਦੀ ਥਾਂ ਸਿਰਫ਼ ਸਖ਼ਤ ਕਾਰਵਾਈ ਦੇ ਡਰਾਵੇ ਤੇ 5000 ਰੁਪਏ ਦੇ ਜੁਰਮਾਨੇ ਵਾਲਾ ਬੋਰਡ ਲਗਾ ਕੇ ਖਾਨਾਪੂਰਤੀ ਪੂਰੀ ਕਰ ਦਿੱਤੀ ਹੈ।
ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਸਕੱਤਰ ਗੁਰਨੇਕ ਭੱਜਲ ਤੇ ਜੁਆਇੰਟ ਸਕੱਤਰ ਆਸ਼ਾ ਨੰਦ ਨੇ ਕਿਹਾ ਕਿ ਮਨਾਹੀ ਦੇ ਬਾਵਜੂਦ ਨਹਿਰੀ ਪਟੜੀਆਂ ਤੇ ਪੁਲਾਂ ਤੋਂ ਭਾਰੀ ਆਵਾਜਾਈ ਅਧਿਕਾਰੀਆਂ ਦੀ ਸ਼ਹਿ ਤੋਂ ਬਿਨਾਂ ਸੰਭਵ ਨਹੀਂ ਹੈ। ਕਰੱਸ਼ਰਾਂ ਕਾਰੋਬਾਰ ਵਿੱਚ ਕਈ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਆਗੂਆਂ ਦੀ ਸ਼ਮੂਲੀਅਤ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪ੍ਰਾਜੈਕਟਾਂ ਤੇ ਨਹਿਰਾਂ ਦੀ ਸੁਰੱਖਿਆ ਹਾਈਡਲ ਅਧਿਕਾਰੀਆਂ ਦੀ ਨੈਤਿਕ ਜ਼ਿੰਮੇਵਾਰੀ ਹੈ।
ਚੀਫ ਇੰਜਨੀਅਰ ਨੇ ਦੋਸ਼ ਨਕਾਰੇ
ਮੁਕੇਰੀਆਂ ਹਾਈਡਲ ਨਹਿਰ ਦੇ ਚੀਫ਼ ਇੰਜਨੀਅਰ ਸਤਵਿੰਦਰ ਸਿੰਘ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਮਨਾਹੀ ਵਾਲੇ ਸਥਾਨਾਂ ’ਤੇ ਭਾਰੀ ਆਵਾਜਾਈ ਰੋਕਣ ਲਈ ਬੈਰੀਅਰ ’ਤੇ ਨਾਕੇ ਲਗਾਏ ਜਾਣਗੇ ਤੇ ਹੇਠਲੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਜਾਣਗੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਸਬੰਧਿਤ ਪੁਲ ਸਿਰਫ਼ ਨਹਿਰੀ ਸਾਂਭ-ਸੰਭਾਲ ਅਤੇ ਨਿਰੀਖਣ ਲਈ ਹੀ ਹੈ।