ਜੇਬੀ ਸੇਖੋਂ
ਗੜ੍ਹਸ਼ੰਕਰ, 9 ਜੁਲਾਈ
ਇੱਥੇ ਅੱਜ ਸਵੇਰ ਤੋਂ ਹਲਕੇ ਵਿਚ ਪੈ ਰਹੀਂ ਲਗਾਤਾਰ ਭਰਵੀਂ ਬਾਰਿਸ਼ ਨਾਲ ਜਿੱਥੇ ਝੋਨੇ ਦੇ ਕਾਸ਼ਤਕਾਰਾਂ ਦੇ ਚਿਹਰੇ ਖਿੜ ਗਏ ਹਨ ਉੱਥੇ ਹੀ ਇਲਾਕੇ ਦੀਆਂ ਅਨੇਕਾਂ ਖਸਤਾ ਹਾਲ ਲਿੰਕ ਸੜਕਾਂ ਮੀਂਹ ਦੇ ਪਾਣੀ ਨਾਲ ਛੱਪੜਾਂ ਦਾ ਰੂਪ ਧਾਰਨ ਕਰ ਗਈਆਂ ਹਨ। ਇਸ ਕਰਕੇ ਇਲਾਕੇ ਦੇ ਕਈ ਪਿੰਡਾਂ ਦੇ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਖਸਤਾ ਹਾਲ ਲਿੰਕ ਸੜਕਾਂ ਵਿਚ ਪਿੰਡ ਸਤਨੌਰ ਤੋਂ ਪਦਰਾਣਾ ਅਤੇ ਕਿੱਤਣਾ ਨੂੰ ਜਾਣ ਵਾਲੀ ਲਿੰਕ ਸੜਕ ’ਤੇ ਭਾਰੀ ਪਾਣੀ ਜਮ੍ਹਾਂ ਹੋ ਗਿਆ। ਇਸ ਨਾਲ ਲੋਕਾਂ ਦਾ ਲਾਂਘਾ ਬੰਦ ਹੋ ਗਿਆ। ਇਸੇ ਤਰ੍ਹਾਂ ਸਤਨੌਰ ਤੋਂ ਪਿੰਡ ਰਾਮ ਪੁਰ ਬਿਲੜੋਂ ਨੂੰ ਜਾਣ ਵਾਲੀ ਸੜਕ ਵੀ ਛੱਪੜ ਦਾ ਰੂਪ ਧਾਰ ਗਈ। ਇਲਾਕੇ ਦੀਆਂ ਸੈਲਾ ਖੁਰਦ ਤੋਂ ਪੈਂਸਰਾ, ਬਡੇਸਰੋਂ ਤੋਂ ਜੀਵਨਪੁਰ, ਮਾਹਿਲਪੁਰ ਤੋਂ ਕਹਾਰਪੁਰ, ਮਾਹਿਲਪੁਰ ਤੋਂ ਕੋਟ ਫਤੂਹੀ ਸੜਕਾਂ ’ਤੇ ਪਾਣੀ ਜਮ੍ਹਾ ਹੋ ਗਿਆ ਅਤੇ ਲੋਕਾਂ ਦਾ ਲਾਂਘਾ ਠੱਪ ਹੋ ਗਿਆ। ਜ਼ਿਕਰਯੋਗ ਹੈ ਕਿ ਗੜ੍ਹਸ਼ੰਕਰ ਦੇ ਨਾਲ ਨਾਲ ਨਿਕਲਦੀ ਬਿਸਤ ਦੁਆਬ ਨਹਿਰ ਦੇ ਲਟਕੇ ਵਿਕਾਸ ਕਾਰਜ ਵੀ ਇਸ ਮੀਂਹ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ। ਇਸ ਸੜਕ ’ਤੇ ਲੋਕ ਨਿਰਮਾਣ ਵਿਭਾਗ ਵੱਲੋਂ ਕਾਫੀ ਸਮੇਂ ਤੋਂ ਪੱਥਰ ਤੇ ਰੋੜੀ ਪਾਈ ਗਈ ਹੈ। ਲੁੱਕ ਨਾ ਪਾਈ ਹੋਣ ਕਰਕੇ ਮੀਂਹ ਨਾਲ ਸੜਕ ਕਈ ਥਾਵਾਂ ਤੋਂ ਨੁਕਸਾਨੀ ਗਈ। ਉਧਰ ਪੰਜਾਬ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਨ ਵਾਲੀ ਸਥਾਨਕ ਨੰਗਲ ਰੋਡ ਦੀ ਖਸਤਾ ਹਾਲਤ ਤੋਂ ਰਾਹਗੀਰ ਪ੍ਰੇਸ਼ਾਨ ਹਨ। ਖੱਡਿਆਂ ਵਿੱਚ ਪਾਣੀ ਭਰਨ ਕਰਕੇ ਲੋਕਾਂ ਨੂੰ ਨੇੜੇ ਦੇ ਪਿੰਡਾਂ ਵੱਲ ਜਾਣ ਲਈ ਦੂਰੋਂ-ਨੇੜਿਓਂ ਘੁੰਮ ਕੇ ਆਉਣਾ ਪਿਆ। ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਬਲਿੰਦਰ ਕੁਮਾਰ ਨੇ ਕਿਹਾ ਕਿ ਸੜਕਾਂ ਦੀ ਮੁਰੰਮਤ ਦੇ ਕੰਮ ਚੱਲ ਰਹੇ ਹਨ ਅਤੇ ਜਲਦ ਹੀ ਖਸਤਾ ਹਾਲ ਸੜਕਾਂ ਦਾ ਨਵੀਨੀਕਰਨ ਹੋਵੇਗਾ। ਉਨ੍ਹਾਂ ਕਿਹਾ ਕਿ ਸੜਕਾਂ ’ਤੇ ਮੀਂਹ ਦੇ ਰੁਕੇ ਪਾਣੀ ਦੀ ਨਿਕਾਸੀ ਲਈ ਉਹ ਕਰਮਚਾਰੀਆਂ ਨੂੰ ਨਿਰਦੇਸ਼ ਦੇਣਗੇ।
ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜੇ
ਭੁਲੱਥ (ਦਲੇਰ ਸਿੰਘ ਚੀਮਾ ): ਇਥੇ ਅੱਜ ਇਲਾਕੇ ਵਿੱਚ ਹੋਈ ਭਰਵੀਂ ਬਰਸਾਤ ਕਾਰਨ ਕਿਸਾਨਾਂ ਦੇ ਚਿਹਰੇ ਖਿੜ੍ਹ ਗਏ। ਇੱਥੇ ਅੱਜ ਸਵੇਰੇ ਤੋਂ ਹੋ ਬਰਸਾਤ ਹੋ ਰਹੀ ਹੈ। ਡੇਅਰੀ ਫਾਰਮਿੰਗ ਦਾ ਧੰਦਾ ਕਰਦੇ ਰਮਨਦੀਪ ਸਿੰਘ ਨੇ ਦੱਸਿਆ ਕਿ ਗਰਮੀ ਕਾਰਨ ਉਸ ਦੇ ਦੁਧਾਰੂ ਪਸ਼ੂਆਂ ਦੀ ਚੁਆਈ ਅੱਧੀ ਰਹਿ ਗਈ ਸੀ ਤੇ ਚਾਰਾ ਵੀ ਝੁਲਸਿਆ ਪਿਆ ਸੀ ਤੇ ਅੱਜ ਮੀਂਹ ਪੈਣ ਨਾਲ ਦੁਧਾਰੂ ਪਸ਼ੂਆਂ ਦਾ ਦੁੱਧ ਵਧਣ ਦੇ ਨਾਲ ਨਾਲ ਚਾਰੇ ਦੀ ਕਮੀ ਵੀ ਪੂਰੀ ਹੋ ਜਾਵੇਗੀ। ਇਸ ਤਰ੍ਹਾਂ ਗੰਨਾ ਕਾਸ਼ਤਕਾਰ ਲੰਬੜਦਾਰ ਜਸਵਿੰਦਰ ਸਿੰਘ ਦਾ ਕਹਿਣਾ ਸੀ ਕਿ ਪਾਣੀ ਸਿਰਫ਼ ਝੋਨੇ ਦੀ ਲਵਾਈ ਨੂੰ ਪੂਰਾ ਹੋ ਰਿਹਾ ਸੀ ਤੇ ਗੰਨਾ ਸੁੱਕ ਰਿਹਾ ਸੀ। ਮੀਂਹ ਪੈਣ ਨਾਲ ਸੱਭ ਕੁੱਝ ਠੀਕ ਹੋ ਜਾਵੇਗਾ। ਭਾਵੇਂ ਭੁਲੱਥ ਕਸਬੇ ਦੇ ਅੱਡਾ ਭੋਗਪੁਰ ਤੇ ਗਲੀਆਂ ਵਿਚ ਪਾਣੀ ਭਰ ਜਾਣ ਕਾਰਨ ਲੋਕਾਂ ਦਾ ਲੰਘਣਾ ਔਖਾ ਹੋ ਗਿਆ ਹੈ ਪ੍ਰੰਤੂ ਗਰਮੀ ਤੋਂ ਰਾਹਤ ਮਿਲਣ ਤੇ ਸਭ ਖੁਸ਼ ਦਿਖਾਈ ਦੇ ਰਹੇ ਹਨ।
ਮੀਂਹ ਕਾਰਨ ਆਦਮਪੁਰ ਸ਼ਹਿਰ ਵਿੱਚ ਸੜਕਾਂ ’ਤੇ ਲੱਗੇ ਜਾਮ
ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਇੱਥੇ ਲੰਮੇ ਸਮੇਂ ਤੋਂ ਰੁਕੇ ਪੁਲ ਦੇ ਕੰਮ ਤੇ ਉਪਰੋਂ ਅੱਜ ਮੌਨਸੂਨ ਦੀ ਪਹਿਲੀ ਬਾਰਿਸ਼ ਨੇ ਸੜਕਾਂ ’ਤੇ ਜਾਮ ਲਾ ਦਿੱਤੇ। ਜਲੰਧਰ ਹੁਸ਼ਿਆਰਪੁਰ ਮੁੱਖ ਸੜਕ ਤੇ ਸ਼ਹਿਰ ਦੇ ਅੰਦਰਲਾ ਹਿੱਸਾ ਅੱਧੇ ਅਧੂਰੇ ਪੁਲ ਅਤੇ ਸਰਵਿਸ ਲੈਨ ਨਾ ਬਣਨ ਕਾਰਨ ਅੱਜ ਵੱਡੇ ਜਾਮ ਦਾ ਕਾਰਨ ਬਣਿਆ ਰਿਹਾ। ਕੱਚੀ ਸੜਕ ਤੋਂ ਗੁਜ਼ਰਦੇ ਕਈ ਵਾਹਨ ਮਿੱਟੀ ਵਿੱਚ ਧਸ ਗਏ। ਅੱਜ ਦੀ ਬਾਰਿਸ਼ ਕਾਰਨ ਸ਼ਹਿਰ ਦੇ ਹਰ ਹਿੱਸੇ ਵਿੱਚ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਪਾਣੀ ਝੀਲ ਦਾ ਰੂਪ ਧਾਰ ਗਿਆ ਅਤੇ ਕਈ ਦੁਕਾਨਾਂ ਅੰਦਰ ਪਾਣੀ ਵੜ ਗਿਆ। ਖ਼ਾਸਤੌਰ ’ਤੇ ਸ਼ਹਿਰ ਦੀ ਸ਼ਾਨ ਕਹੇ ਜਾਂਦੇ ਘੰਟਾ ਘਰ ਵਿੱਚ ਦੁਕਾਨਦਾਰ ਸਾਰਾ ਦਿਨ ਦੁਕਾਨਾਂ ਵਿੱਚੋਂ ਆਪ ਹੀ ਪਾਣੀ ਕੱਢਦੇ ਨਜ਼ਰ ਆਏ। ਪਾਣੀ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਤੇ ਬੱਸ ਸਟੈਂਡ ਮਾਰਗ ,ਜੱਟਾਂ ਮੁਹੱਲਾ ਵੱਲ ਜਾਂਦੇ ਮਾਰਗਾਂ ’ਤੇ ਲੋਕ ਕਈ ਕਈ ਫੁੱਟ ਪਾਣੀ ਵਿੱਚੋਂ ਨਿਕਲ ਆਪਣੇ ਜ਼ਰੂਰੀ ਕੰਮ ਕਰਦੇ ਨਜ਼ਰ ਆਏ। ਨਗਰ ਕੌਂਸਲ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ ਨੇ ਕਿਹਾ ਕਿ ਪੁਲ ਦੀ ਸਮੱਸਿਆ ਤਾਂ ਵੱਡਾ ਕਾਰਨ ਹੈ ਹੀ ਨਾਲ ਨਾਲ ਮੁੱਖ ਮਾਰਗ ਤੇ ਸੀਵਰੇਜ ਦੇ ਵੀ ਪੂਰੀ ਤਰ੍ਹਾਂ ਚਾਲੂ ਨਾ ਹੋਣ ਅਤੇ ਸੜਕ ਕਿਨਾਰਿਆਂ ’ਤੇ ਬਣਨ ਵਾਲੇ ਨਾਲੇ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਹੀ ਇਸ ਸਮੱਸਿਆ ਦਾ ਪੂਰਾ ਹੱਲ ਹੋ ਸਕੇਗਾ। ਫਿਰ ਵੀ ਨਗਰ ਕੌਂਸਲ ਵੱਲੋਂ ਸਮੱਸਿਆ ਨੂੰ ਹੱਲ ਕਰਨ ਦਾ ਹਰ ਯਤਨ ਕੀਤਾ ਜਾ ਰਿਹਾ ਹੈ।