ਜਸਬੀਰ ਸਿੰਘ ਚਾਨਾ
ਫਗਵਾੜਾ, 20 ਜੁਲਾਈ
ਅੱਤ ਦੀ ਗਰਮੀ ਤੋਂ ਬਾਅਦ ਅੱਜ ਸਵੇਰੇ ਤੜਕਸਾਰ ਸ਼ੁਰੂ ਹੋਏ ਮੀਂਹ ਨੇ ਜਿਥੇ ਲੋਕਾਂ ਨੂੰ ਸੁੱਖ ਦਾ ਸਾਹ ਦਿੱਤਾ ਉੱਥੇ ਹੀ ਲੋਕਾਂ ਦੀਆਂ ਮੁਸ਼ਕਿਲਾ ’ਚ ਵੀ ਕਾਫ਼ੀ ਵਾਧਾ ਕਰ ਦਿੱਤਾ। ਅੱਜ ਸਵੇਰੇ ਸ਼ੁਰੂ ਹੋਏ ਮੀਂਹ ਨਾਲ ਸ਼ਹਿਰ ਦੇ ਕਾਫ਼ੀ ਇਲਾਕੇ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਏ ਤੇ ਪਾਣੀ ਲੋਕਾਂ ਦੇ ਘਰਾਂ ’ਚ ਜਾ ਵੜਿਆ।
ਅੱਜ ਮੀਂਹ ਕਾਰਨ ਇਥੋਂ ਦੇ ਗਊਸ਼ਾਲਾ ਰੋਡ, ਵਾਲਮੀਕੀ ਮੁਹੱਲਾ, ਸੁਭਾਸ਼ ਨਗਰ, ਹਦੀਆਬਾਦ, ਹਰਗੋਬਿੰਦ ਨਗਰ, ਪੁਰਾਣਾ ਡਾਕਖਾਨਾ ਰੋਡ, ਪੁਰਾਣੀ ਮੰਡੀ, ਚੱਢਾ ਮਾਰਕੀਟ ਸਮੇਤ ਕਈ ਇਲਾਕੇ ਪਾਣੀ ਨਾਲ ਭਰ ਗਏ ਤੇ ਲੋਕਾਂ ਦਾ ਗੁਜ਼ਰਨਾ ਵੀ ਮੁਸ਼ਕਿਲ ਹੋ ਗਿਆ ਤੇ ਵੱਡੀ ਗਿਣਤੀ ’ਚ ਕੰਮਕਾਜ ’ਤੇ ਜਾਣ ਵਾਲੇ ਲੋਕ ਮੀਂਹ ਕਾਰਨ ਘਰਾ ’ਚ ਹੀ ਰਹਿ ਗਏ।
ਸਵੇਰ ਤੋਂ ਸ਼ੁਰੂ ਹੋਏ ਤੇਜ਼ ਮੀਂਹ ਕਾਰਨ ਕਈ ਥਾਵਾਂ ’ਤੇ ਬਿਜਲੀ ਦੀਆਂ ਤਾਰਾ ਵੀ ਟੁੱਟ ਗਈਆਂ ਜਿਸ ਕਾਰਨ ਬਿਜਲੀ ਦੀ ਸਪਲਾਈ ਵੀ ਕਈ ਇਲਾਕਿਆਂ ’ਚ ਕਾਫ਼ੀ ਸਮਾਂ ਤੱਕ ਪ੍ਰਭਾਵਿਤ ਰਹੀ। ਉਧਰ, ਬਾਂਸਾ ਬਾਜ਼ਾਰ ਤੇ ਹੁਸ਼ਿਆਰਪੁਰ ਰੋਡ ਦੇ ਬਿਜਲੀ ਘਰਾਂ ’ਚ ਪਾਣੀ ਭਰ ਜਾਣ ਕਾਰਨ ਵੀ ਸਪਲਾਈ ਪ੍ਰਭਾਵਿਤ ਹੋਈ। ਮਾਡਲ ਟਾਊਨ ਖੇਤਰ ’ਚ ਅੱਜ ਸਵੇਰ ਤੋਂ ਬਿਜਲੀ ਦੀ ਸਪਲਾਈ ਕਾਫ਼ੀ ਡਿੰਮ ਰਹੀ। ਬਿਜਲੀ ਬੋਰਡ ਦੇ ਜੇ.ਈ. ਅਮਰਦੀਪ ਸਿੰਘ ਵਿਰਦੀ ਨੇ ਦੱਸਿਆ ਕਿ ਬਾਂਸਾ ਬਾਜ਼ਾਰ ਬਿਜਲੀ ਘਰ ਵਿੱਚ 50 ਤੋਂ 60 ਸ਼ਿਕਾਇਤਾ ਲੋਕਾਂ ਵੱਲੋਂ ਦਰਜ ਕੀਤੀਆਂ ਗਈਆਂ ਹਨ ਤੇ ਮੀਂਹ ਹਟਦੇ ਸਾਰ ਹੀ ਉਨ੍ਹਾਂ ਦਾ ਹੱਲ ਕਰਵਾ ਦਿੱਤਾ ਹੈ। ਮੀਂਹ ਕਾਰਨ ਅੱਜ ਕਈ ਥਾਵਾਂ ’ਤੇ ਨਗਰ ਨਿਗਮ ਵੱਲੋਂ ਕੀਤੀ ਸਫ਼ਾਈ ਕਾਰਨ ਪਾਣੀ ਦੀ ਕਾਫ਼ੀ ਨਿਕਾਸੀ ਚੱਲਦੀ ਰਹੀ ਤੇ ਮੀਂਹ ਹਟਦੇ ਸਾਰ ਪਾਣੀ ਨਿਕਲ ਗਿਆ। ਪਰ ਕਈ ਇਲਾਕੇ ਅਜਿਹੇ ਵੀ ਨਜ਼ਰ ਆਏ ਜਿਥੇ ਪਾਣੀ ਕਾਫ਼ੀ ਜਮ੍ਹਾ ਰਿਹਾ। ਮੀਂਹ ਕਾਰਨ ਸਕੂਲਾ, ਕਾਲਜਾ ਤੇ ਨੌਕਰੀਆਂ ’ਤੇ ਜਾਣ ਵਾਲੇ ਲੋਕ ਵਾਂਝੇ ਰਹਿ ਗਏ ਤੇ ਕਈਆਂ ਨੂੰ ਬਰਸਾਤ ਦੇ ਪਾਣੀ ’ਚੋਂ ਗੁਜ਼ਰ ਕੇ ਆਪਣੀ ਮੰਜ਼ਿਲ ਤਹਿ ਕਰਨੀ ਪਈ।
ਹਦੀਆਬਾਦ ਖੇਤਰ ਦੇ ਮੁਹੱਲਾ ਹਾਕੁਪੂਰਾ ਵਿੱਚ ਮੁਹੱਲੇ ’ਚ ਪਾਣੀ ਖੜ੍ਹਨ ਕਾਰਨ ਵੀ ਲੋਕਾਂ ਨੂੰ ਬਹੁਤ ਦਿੱਕਤ ਪੇਸ਼ ਆਈ। ਮੁਹੱਲਾ ਵਾਸੀ ਰੇਸ਼ਮ ਲਾਲ ਨੇ ਦੱਸਿਆ ਕਿ ਮੀਂਹ ਕਾਰਨ ਪਾਣੀ ਲੋਕਾਂ ਦੇ ਘਰਾ ’ਚ ਜਾ ਵੜਿਆ ਤੇ ਸੀਵਰੇਜ ਦੀ ਸਫ਼ਾਈ ਨਾ ਹੋਣ ਕਾਰਨ ਗੰਦਾ ਪਾਣੀ ਵੀ ਸੜਕਾ ’ਤੇ ਘੁੰਮਦਾ ਰਿਹਾ।
ਇਸ ਸਬੰਧੀ ਜਦੋਂ ਨਗਰ ਨਿਗਮ ਕਮਿਸ਼ਨਰ ਡਾ. ਨਯੱਨ ਜੱਸਲ ਨੇ ਕਿਹਾ ਕਿ ਮੀਂਹ ਤੋਂ ਬਾਅਦ ਪਾਣੀ ਦੀ ਨਿਕਾਸੀ ਆਰਾਮ ਨਾਲ ਹੋ ਗਈ ਹੈ ਤੇ ਜਿਥੇ ਵੀ ਕੋਈ ਸਮੱਸਿਆ ਸਾਹਮਣੇ ਆਈ ਹੈ ਉਸਦਾ ਵੀ ਤੁਰੰਤ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੀਂਹ ਦੌਰਾਨ ਪਾਣੀ ਕੱਢਣ ਵਾਲੀਆਂ ਮਸ਼ੀਨਾ ਤੇ ਕੂੜੇ ਦੀ ਸਫ਼ਾਈ ਦਾ ਕੰਮ ਵੀ ਨਿਰਵਿਘਨ ਨਿਗਮ ਵਲੋਂ ਜਾਰੀ ਰੱਖਿਆ ਗਿਆ।
ਆਦਮਪੁਰ ਦੋਆਬਾ (ਜਲੰਧਰ) (ਪੱਤਰ ਪ੍ਰੇਰਕ) ਅੱਜ ਸਵੇਰ ਤੋਂ ਪੈ ਰਹੇ ਮੀਂਂਹ ਕਾਰਨ ਜਨਜੀਵਨ ਅਸਤ ਵਿਅਸਤ ਹੋ ਗਿਆ। ਕਈ ਪਿੰਡਾਂ ’ਚ ਤੇਜ਼ ਹਵਾ ਚੱਲਣ ਕਾਰਨ ਬਿਜਲੀ ਦੇ ਖੰਬੇ ਡਿੰਗ ਜਾਣ ਕਾਰਨ ਸਪਲਾਈ ’ਤੇ ਵੀ ਕਾਫੀ ਅਸਰ ਪਿਆ। ਅੱਜ ਤੜਕੇ ਤੋਂ ਦੁਪਹਿਰ ਤੱਕ ਮੀਂਹ ਕਾਰਨ ਕਿਸਾਨ ਕਾਫੀ ਖੁਸ਼ ਨਜ਼ਰ ਆ ਰਹੇ ਹਨ ਕਿਉਂਕਿ ਹੁਣ ਖੇਤਾਂ ’ਚ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਪਰ ਸ਼ਹਿਰਾਂ ’ਚ ਨੀਵੇਂ ਇਲਾਕਿਆਂ ’ਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਰਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਲੰਧਰ ਦੇ ਲੰਬਾ ਪਿੰਡ ਚੌਕ ਤੋਂ ਕਿਸ਼ਨਪੁਰਾ ਚੌਕ ਤੱਕ ਪਾਣੀ ਦੁਕਾਨਾਂ ਦੇ ਅੰਦਰ ਚਲਾ ਗਿਆ। ਜਿਸ ਕਾਰਨ ਦੁਕਾਨਦਾਰਾਂ ਦਾ ਕਾਫੀ ਨੁਕਸਾਨ ਹੋਇਆ। ਇਸੇ ਤਰ੍ਹਾਂ ਆਦਮਪੁਰ ਇਲਾਕੇ ਵਿੱਚ ਵੀ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੇਲਣੀ ਪਈ। ਇਸੇ ਤਰ੍ਹਾਂ ਜ਼ਿਲ੍ਹੇ ਵਿੱਚ ਕਾਈ ਥਾਵਾ ਤੇ ਬਿਜਲੀ ਦੇ ਖੰਬੇ ਡਿੰਗ ਜਾਣ ਕਾਰਨ ਬਿਜਲੀ ਦੀ ਸਪਲਾਈ ’ਤੇ ਕਾਫੀ ਅਸਰ ਪਿਆ। ਵਿਭਾਗ ਦੇ ਅਧਿਾਕੀਆਂ ਨੇ ਦੱਸਿਆ ਕਿ ਬਿਜਲੀ ਵਿਭਾਗ ਦੇ ਕਰਮਚਾਰੀ 24 ਘੰਟੇ ਕੰਮ ਕਰ ਰਹੇ ਹਨ ਤੇ ਕਈ ਥਾਵਾਂ’ਤੇ ਸਪਲਾਈ ਚਾਲੂ ਕਰ ਦਿੱਤੀ ਗਈ ਤੇ ਬਾਕੀ ਥਾਵਾਂ ਦੀ ਸਪਲਾਈ ਵੀ ਰਾਤ ਤੱਕ ਚਾਲੂ ਕਰ ਦਿੱਤੀ ਜਾਵੇਗੀ।
ਚਾਰ ਘੰਟੇ ਮੀਂਹ ਪੈਣ ਕਾਰਨ ਘੁਮਾਣ ਨੇ ਝੀਲ ਦਾ ਰੂਪ ਧਾਰਿਆ
ਘੁਮਾਣ (ਪੱਤਰ ਪ੍ਰੇਰਕ) ਇਤਿਹਾਸਕ ਕਸਬਾ ਘੁਮਾਣ ’ਚ ਅੱਜ ਲਗਾਤਾਰ ਚਾਰ ਘੰਟੇ ਮੀਂਹ ਪੈਣ ਨਾਲ ਘੁਮਾਣ ਹੁਣ ਝੀਲ ਵਾਲਾ ਕਸਬਾ ਲੱਗ ਰਿਹਾ ਹੈ। ਪਾਣੀ ਦਾ ਕੋਈ ਉਚਿਤ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਵਿੱਚ ਚਰਚਾ ਹੈ ਕਿ ਸੀਵਰੇਜ ਪਾਉਣ ’ਤੇ 18 ਕਰੋੜ ਰੁਪਏ ਕਿੱਥੇ ਖਰਚੇ ਗਏ? ਅੱਜ ਤੜਕਸਾਰ ਤੋਂ ਭਾਰੀ ਮੀਂਹ ਪੈਣ ਨਾਲ ਕਸਬਾ ਘੁਮਾਣ ਦੇ ਬਾਜ਼ਾਰ ਨੇ ਝੀਲ ਦਾ ਰੂਪ ਧਾਰ ਲਿਆ ਹੈ। ਕਿਉਂਕਿ ਪਾਣੀ ਦੇ ਨਿਕਾਸ ਦਾ ਕੋਈ ਉਚਿਤ ਪ੍ਰਬੰਧ ਨਹੀਂ ਹੈ। ਜਦੋਂਕਿ ਸੀਵਰੇਜ ਦਾ ਗੰਦਾ ਪਾਣੀ ਬਾਜ਼ਾਰ, ਗਲੀਆਂ ਤੇ ਲੋਕਾਂ ਦੇ ਘਰ ਵਿੱਚ ਵੜ ਜਾਣ ਕਾਰਨ ਸਥਾਨਕ ਲੋਕਾਂ ਨੂੰ ਹੋਰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੋਂ ਦੇ ਮੋਹਤਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਘੁਮਾਣ ’ਚ ਸੀਵਰੇਜ ਪਾਉਣ ਲਈ ਜੋ 18 ਕਰੋੜ ਰੁਪਏ ਖ਼ਰਚ ਹੋਏ ਹਨ, ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਕਿਉਂਕਿ ਦੋ ਸਾਲ ਤੋਂ ਵੱਧ ਸਮੇਂ ਤੋਂ ਪਏ ਸੀਵਰੇਜ ਹਾਲੇ ਤੱਕ ਮੁਕੰਮਲ ਨਹੀਂ ਹੋਇਆ। ਉਂਜ ਵੀ ਇਸ ਦਾ ਲੋਕਾਂ ਨੂੰ ਲਾਭ ਦੀ ਜਗ੍ਹਾਂ ਨੁਕਸਾਨ ਜ਼ਿਆਦਾ ਹੋ ਰਿਹਾ ਹੈ।