ਪੱਤਰ ਪ੍ਰੇਰਕ
ਮੁਕੇਰੀਆਂ, 15 ਸਤੰਬਰ
ਬੀਤੀ ਰਾਤ ਕਰੀਬ 10 ਵਜੇ ਪਿੰਡ ਗੁੱਜ਼ਰ ਕਤਰਾਲਾ ਦੇ ਇੱਕ ਦੁਕਾਨਦਾਰ ’ਤੇ ਅਣਪਛਾਤੇ ਲੋਕਾਂ ਨੇ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਉਸ ਕੋਲੋਂ 10 ਹਜ਼ਾਰ ਦੀ ਨਕਦੀ ਖੋਹ ਲਈ। ਘਰ ਤੋਂ ਕੁਝ ਦੂਰੀ ’ਤੇ ਹੋਏ ਹਮਲੇ ਦੌਰਾਨ ਬਚਾਅ ਲਈ ਆਈ ਪੀੜਤ ਦੀ ਪਤਨੀ ਨੂੰ ਵੀ ਹਮਲਾਵਰਾਂ ਨੇ ਜ਼ਖਮੀ ਕਰ ਦਿੱਤਾ। ਪੀੜਤ ਪਤੀ ਪਤਨੀ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਸਿਵਲ ਹਸਪਤਾਲ ਮੁਕੇਰੀਆਂ ਵਿਖੇ ਜ਼ੇਰੇ ਇਲਾਜ ਜਮੀਤ ਸਿੰਘ ਨੇ ਦੱਸਿਆ ਕਿ ਉਸ ਦੀ ਮੁਕੇਰੀਆਂ ਸ਼ਹਿਰ ਵਿੱਚ ਦੁਕਾਨ ਹੈ। ਬੀਤੀ ਰਾਤ ਕਰੀਬ 8.30 ਵਜੇ ਜਦੋਂ ਉਹ ਦੁਕਾਨ ਬੰਦ ਕਰਕੇ ਆਪਣੇ ਘਰ ਗੁੱਜਰ ਕਤਰਾਲਾ ਜਾ ਰਿਹਾ ਸੀ। ਜਦੋਂ ਉਹ ਘਰ ਦੇ ਨਜ਼ਦੀਕ ਪੁੱਜਾ ਤਾਂ ਸੜਕ ’ਤੇ ਖੜ੍ਹੇ ਚਾਰ ਪੰਜ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਉਸ ’ਤੇ ਤੇਜ਼ਧਾਰ ਦਸਤੀ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਹਮਲਾਵਰ ਉਸ ਕੋਲੋਂ 10 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਲੈ ਗਏ। ਜਮੀਤ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਰੌਲਾ ਪਾਇਆ ਤਾਂ ਉਸਦੀ ਘਰਵਾਲੀ ਉਸ ਨੂੰ ਬਚਾਉਣ ਲਈ ਅੱਗੇ ਆਈ ਤਾਂ ਹਮਲਾਵਰਾਂ ਨੇ ਉਸ ਦੀ ਪਤਨੀ ’ਤੇ ਵੀ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਇਸ ਸਬੰਧੀ ਐਸਐਚਓ ਬਲਵਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ, ਜਲਦ ਹੀ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।