ਭਗਵਾਨ ਦਾਸ ਸੰਦਲ
ਦਸੂਹਾ, 12 ਮਾਰਚ
ਇੱਥੋਂ ਦਾ ਗੁਰਵਿੰਦਰ ਸਿੰਘ ਚਾਂਦ ਰੂਸ-ਯੁੂਕਰੇਨ ਯੁੱਧ ਦੀ ਮਾਰ ਵਿੱਚੋਂ ਬਚ ਕੇ ਆਪਣੇ ਘਰ ਪਰਤ ਆਇਆ ਹੈ। ਉਸ ਦੇ ਪਰਿਵਾਰਕ ਮੈਂਬਰ ਆਪਣੇ ਪੁੱਤਰ ਦੇ ਭਵਿੱਖ ਦੀ ਪੜ੍ਹਾਈ ਲਈ ਚਿੰਤਤ ਹਨ। ਗੁਰਵਿੰਦਰ ਸਿੰਘ ਯੁੂਕਰੇਨ ਦੀ ਸੂਮੀ ਸਟੇਟ ਯੂਨੀਵਰਸਿਟੀ ਆਫ ਮੈਡੀਕਲ ਵਿੱਚ ਡਾਕਟਰੀ ਦੀ ਪੜ੍ਹਾਈ ਦੇ ਚੌਥੇ ਸਾਲ ਦਾ ਵਿਦਿਆਰਥੀ ਹੈ। ਉਸ ਨੇ ਦੱਸਿਆ ਕਿ ਸੂਮੀ ਸੂਬਾ ਰੂਸ ਦੇ ਬਾਰਡਰ ’ਤੇ ਹੋਣ ਕਾਰਨ ਉੱਥੇ ਯੁੱਧ ਦਾ ਬਹੁਤ ਮਾੜਾ ਪ੍ਰਭਾਵ ਪਿਆ ਹੈ। ਪੋਲੈਂਡ, ਹੰਗਰੀ ਤੇ ਰੋਮਾਨੀਆ ਦੇ ਬਾਰਡਰ ਦੂਰ ਹੋਣ ਕਾਰਨ ਸੂਮੀ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਨੂੰ ਯੁੱਧ ਤੋਂ ਪਹਿਲੇ ਦਿਨ ਤੋਂ ਲੈ ਕੇ 15 ਦਿਨਾਂ ਤੱਕ ਬੰਕਰਾਂ ਵਿੱਚ ਕੈਦ ਰਹਿਣਾ ਪਿਆ। ਉਸ ਨੇ ਦੱਸਿਆ ਕਿ ਉਹ ਸੂਮੀ ਤੋਂ ਟਰੇਨ ਰਾਹੀਂ 12 ਘੰਟੇ ਦਾ ਸਫ਼ਰ ਕਰ ਕੇ ਪੋਲੈਂਡ ਦੇ ਬਾਰਡਰ ’ਤੇ ਪੁੱਜਾ ਜਿਥੋਂ ਉਹ ਹਵਾਈ ਜਹਾਜ਼ ਰਾਹੀਂ ਦਿੱਲੀ ਪਹੁੰਚਿਆ।
ਗੁਰਵਿੰਦਰ ਦੇ ਮਾਪਿਆਂ ਪਲਵਿੰਦਰ ਸਿੰਘ ਤੇ ਹਰਿੰਦਰ ਕੌਰ ਨੇ ਆਪਣੇ ਪੁੱਤਰ ਦੀ ਸਹੀ ਸਲਾਮਤ ਘਰ ਵਾਪਸੀ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆ ਕਿਹਾ ਕਿ ਹੁਣ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਭਵਿੱਖ ਦੀ ਚਿੰਤਾ ਯੁੱਧ ਦੀ ਮਾਰ ਨਾਲੋਂ ਵੀ ਜ਼ਿਆਦਾ ਸਤਾ ਰਹੀ ਹੈ ਕਿਉਕਿ ਉਹ ਕਰਜ਼ਾ ਚੁੱਕ ਕੇ ਉਸ ਨੂੰ ਡਾਕਟਰੀ ਦੀ ਪੜ੍ਹਾਈ ਕਰਵਾ ਰਹੇ ਸਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਜੰਗ ਪ੍ਰਭਾਵਿਤ ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਨੂੰ ਰਾਜ ਵਿੱਚ ਸੰਚਾਲਿਤ ਮੈਡੀਕਲ ਕਾਲਜਾਂ ਵਿਚ ਐਮਬੀਬੀਐਸ ਦਾ ਅੰਡਰ ਗ੍ਰੈਜੂਏਟ ਕੋਰਸ ਪੂਰਾ ਕਰਨ ਲਈ ਐਡਜਸਟ ਕਰੇ।