ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 5 ਜੁਲਾਈ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦੀ ਐਲਾਨੀ ਮੈਰਿਟ ਸੂਚੀ ਵਿੱਚ ਬੱਬਰ ਕਰਮ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ ਦੀ ਵਿਦਿਆਰਥਣ ਗੁਰਲੀਨ ਕੌਰ ਨੇ 650 ’ਚੋਂ 632 (97.23 ਫ਼ੀਸਦ) ਅੰਕ ਪ੍ਰਾਪਤ ਕਰਕੇ 12ਵਾਂ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਦੂਸਰਾ ਸਥਾਨ ਹਾਸਲ ਕੀਤਾ ਹੈ, ਜਿਸ ਨਾਲ ਸਕੂਲ ਸਟਾਫ, ਪ੍ਰਬੰਧਕਾਂ ਅਤੇ ਮਾਪਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਟਰੱਸਟ ਦੇ ਮੀਤ ਪ੍ਰਧਾਨ ਤਰਨਜੀਤ ਸਿੰਘ ਥਾਂਦੀ ਵੱਲੋਂ ਵਿਦਿਆਰਥਣ ਗੁਰਲੀਨ ਕੌਰ ਦੀ ਹੌਸਲਾ-ਅਫਜ਼ਾਈ ਕਰਦਿਆਂ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਦੇ ਸਿਰ ਬੰਨ੍ਹਦਿਆਂ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ। ਇਸ ਮੌਕੇ ਸਕੂਲ ਦੇ ਡਾਇਰੈਕਟਰ ਕਿਰਪਾਲ ਸਿੰਘ, ਪ੍ਰਿੰਸੀਪਲ ਸੁਖਵੀਰ ਸਿੰਘ, ਉਪ ਪ੍ਰਿੰਸੀਪਲ ਜਸਕੀਰਤ ਕੌਰ, ਵਿਦਿਆਰਥਣ ਦੇ ਪਿਤਾ ਸੰਤੋਖ ਸਿੰਘ ਅਤੇ ਮਾਤਾ ਗੁਰਦੀਪ ਕੌਰ ਵਲੋਂ ਵਿਦਿਆਰਥਣ ਗੁਰਲੀਨ ਕੌਰ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਸਕੂਲ ਸਟਾਫ ਵਲੋਂ ਲੱਡੂ ਵੀ ਵੰਡੇ ਗਏ।
ਪੰਡੋਰੀ ਸਕੂਲ ਦਾ ਨਤੀਜਾ ਸ਼ਾਨਦਾਰ
ਆਦਮਪੁਰ ਦੋਆਬਾ (ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਨਿੱਝਰਾਂ ਦਾ ਬਾਰ੍ਹਵੀਂ ਦਾ ਨਤੀਜਾ 100 ਫ਼ੀਸਦ ਰਿਹਾ। ਪ੍ਰਿੰਸੀਪਲ ਰਾਜ ਰਾਣੀ ਨੇ ਦੱਸਿਆ ਕਿ ਵੋਕੇਸ਼ਨਲ ਸਟਰੀਮ ’ਚੋਂ ਹਰਪ੍ਰੀਤ ਕੌਰ ਨੇ ਪਹਿਲਾ, ਦੀਆ ਚੌਹਾਨ ਨੇ ਦੂਜਾ ਅਤੇ ਰਮਨਦੀਪ ਕੌਰ ਤੇ ਕਾਮਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਆਰਟਸ ਸਟਰੀਮ ’ਚੋਂ ਅਮਨਦੀਪ ਕੌਰ ਨੇ ਪਹਿਲਾ, ਸਿਮਰਨਜੋਤ ਕੌਰ ਨੇ ਦੂਜਾ ਤੇ ਮੁਸਕਾਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਧਾਰੀਵਾਲ (ਪੱਤਰ ਪ੍ਰੇਰਕ): ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਡੇਹਰੀਵਾਲ ਦਰੋਗਾ ਦੇ ਪ੍ਰਿੰਸੀਪਲ ਹਰੀਸ਼ ਦੇਵਗਨ ਨੇ ਦੱਸਿਆ ਕਿ 12ਵੀਂ ਜਮਾਤ ਵਿੱਚ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ 95 ਪ੍ਰਤੀਸ਼ਤ, ਖੁਸ਼ਦੀਪ ਕੌਰ ਨੇ 94 ਪ੍ਰਤੀਸ਼ਤ, ਸਿਮਰਨਜੀਤ ਕੌਰ ਨੇ 91 ਪ੍ਰਤੀਸ਼ਤ ਅਤੇ ਰੁਪਿੰਦਰਜੀਤ ਸਿੰਘ, ਕਮਲਪ੍ਰੀਤ ਸਿੰਘ ਤੇ ਗੁਰਜੰਟਜੀਤ ਸਿੰਘ ਨੇ 90 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ।