ਨਿੱਜੀ ਪੱਤਰ ਪ੍ਰੇਰਕ
ਜਲੰਧਰ, 13 ਨਵੰਬਰ
ਕਾਂਗਰਸ ਦੇ ਮੌਜੂਦਾ ਸੀਨੀਅਰ ਆਗੂ ਗੁਰਲਾਲ ਸੈਲਾ, ਕਾਂਗਰਸ ਦੇ ਮੌਜੂਦਾ ਜ਼ਿਲ੍ਹਾ ਪਰਿਸ਼ਦ ਮੈਂਬਰ ਸਮਿੱਤਰ ਸਿੰਘ ਸੀਕਰੀ, ਸੋਮ ਨਾਥ ਬੈਂਸ, ਬਲਾਕ ਸਮਿਤੀ ਮੈਂਬਰ ਬਜਵਾੜਾ ਮਨਜੀਤ ਕੁਮਾਰ ਮੰਜੂ, ਬਲਦੇਵ ਸਿੰਘ ਰੰਧਾਵਾ, ਪੰਚਾਇਤ ਮੈਂਬਰ ਸੁਰਿੰਦਰ ਸਿੰਘ ਛਿੰਦਾ, ਜਸਵਿੰਦਰ ਸਿੰਘ ਬੱਸੀ ਕਿੱਕਰਾਂ, ਸ਼ੰਕਰ ਦਾਸ ਨੰਦਨ ਅਤੇ ਪਰਮਜੀਤ ਧਰਮਸੋਤ ਨੇ ਪੋਸਟ ਮੈਟ੍ਰਿਕ ਸਕਾਰਲਸ਼ਿਪ ਤੇ ਦਲਿਤ ਵਿਰੋਧੀ ਨੀਤੀਆਂ ਕਰਕੇ ਕਾਂਗਰਸ ਨੂੰ ਛੱਡ ਕੇ ਮੁੜ ਘਰ ਵਾਪਸੀ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਵਿਚ ਸ਼ਾਮਲ ਹੋ ਗਏ। ਇਹ ਆਗੂ ਬਸਪਾ ਦੇ ਮੁੱਖ ਦਫਤਰ ਜਲੰਧਰ ਵਿਖੇ ਪਾਰਟੀ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਅਤੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਸ਼ਾਮਲ ਹੋਏ। ਇਸੇ ਦੌਰਾਨ ਪਾਰਟੀ ’ਚ ਸ਼ਾਮਿਲ ਹੋਏ ਆਗੂਆਂ ਨੂੰ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਗਿਆ। ਬਸਪਾ ’ਚ ਸ਼ਾਮਲ ਹੋਏ ਗੁਰਲਾਲ ਸੈਲਾ, ਜੋ ਕਿ ਬਸਪਾ ਦੇ ਸਾਬਕਾ ਪੰਜਾਬ ਪ੍ਰਧਾਨ ਵੀ ਰਹੇ ਸਨ, ਨੇ ਕਿਹਾ ਕਿ ਕਾਂਗਰਸ ਦੁਸ਼ਮਣ ਪਾਰਟੀ ਸੀ ਹੁਣ ਜਿਸ ਵਿੱਚ ਉਸ ਦਾ ਜਾਣਾ ਠੀਕ ਨਹੀਂ ਸੀ। ਹੁਣ ਘਰ ਵਾਪਸੀ ਕਰਕੇ ਪਿਛਲੀਆਂ ਕਮੀਆਂ ਦੂਰ ਕਰਕੇ ਕਾਂਗਰਸ ਨੂੰ ਸਬਕ ਸਿਖਾਉਣਗੇ।