ਪਾਲ ਸਿੰਘ ਨੌਲੀ
ਜਲੰਧਰ, 24 ਦਸੰਬਰ
ਸਰਕਾਰੀ ਕਾਲਜਾਂ ਦੇ ਸਹਾਇਕ ਗੈਸਟ ਪ੍ਰੋਫੈਸਰ ਪਿਛਲੇ ਪੰਜਾਂ ਦਿਨਾਂ ਤੋਂ ਪੋਹ ਦੀਆਂ ਰਾਤਾਂ ਸਿੱਖਿਆ ਮੰਤਰੀ ਦੇ ਘਰ ਨੇੜੇ ਗਲੀ ਵਿੱਚ ਗੁਜ਼ਾਰ ਰਹੇ ਹਨ। ਪੁਲੀਸ ਨੇ ਉਨ੍ਹਾਂ ਨੂੰ ਉੱਤੇ ਟੈਂਟ ਵੀ ਲਾਉਣ ਨਹੀਂ ਦਿੱਤਾ ਤੇ ਖੁੱਲ੍ਹੇ ਆਸਮਾਨ ਹੇਠ ਹੀ ਇਹ ਪ੍ਰੋਫੈਸਰ ਰਜਾਈਆਂ ਲੈ ਕੇ ਠੰਢੀਆਂ ਯਖ਼ ਰਾਤਾਂ ਕੱਟ ਰਹੇ ਹਨ।
ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੇ ਪ੍ਰਧਾਨ ਹਰਮਿੰਦਰ ਸਿੰਘ ਡਿੰਪਲ ਨੇ ਦੱਸਿਆ ਕਿ ਜਦੋਂ ਤੜਕਸਾਰ ਮੀਂਹ ਆ ਗਿਆ ਸੀ ਤਾਂ ਪ੍ਰੋਫੈਸਰਾਂ ਨੇ ਆਪਣੇ ਉੱਪਰ ਤਰਪਾਲ ਲੈਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਤਰਪਾਲ ਲੈਣ ਤੋਂ ਵੀ ਸਖਤੀ ਨਾਲ ਰੋਕ ਦਿੱਤਾ। ਗੈਸਟ ਪ੍ਰੋਫੈਸਰਾਂ ਨਾਲ ਹੁੰਦਾ ਇਹ ਧੱਕਾ ਦੇਖ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਜਲੰਧਰ ਦੁਪਹਿਰ ਬਾਅਦ ਮੌਕੇ ’ਤੇ ਪਹੁੰਚੀ ਅਤੇ ਪੁਲੀਸ ਨੂੰ ਚਿਤਾਵਨੀ ਦੇਣ ਬਅਦ ਉਨ੍ਹਾਂ ਨੇ ਪ੍ਰੋਫੈਸਰਾਂ ਲਈ ਟੈਂਟ ਲਗਾ ਕੇ ਦਿੱਤਾ। ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂ ਗੁਰਚਰਨ ਸਿੰਘ ਚਾਹਲ ਨੇ ਪ੍ਰਸ਼ਾਸਨ ਨੂੰ ਟੈਂਟ ਪੁੱਟਣ ਵਿਰੁੱਧ ਚਿਤਾਵਨੀ ਦਿੱਤੀ। ਇਸ ਮੌਕੇ ਵੱਖ-ਵੱਖ ਕਾਲਜਾਂ ਦੇ ਪ੍ਰੋਫੈਸਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜਨਰਲ ਸਕੱਤਰ ਬਲਵੰਤ ਸਿੰਘ, ਮੋਹਨ ਸਿੰਘ ਬੱਲ ਅਤੇ ਕਈ ਹੋਰ ਵਰਕਰ ਮੌਜੂਦ ਸਨ।
ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਕਾਰਨ ਹਾਲਾਤ ਵਿਗੜੇ: ਸਿੱਖਿਆ ਮੰਤਰੀ
ਸਿੱਖਿਆ ਮੰਤਰੀ ਪਰਗਟ ਸਿੰਘ ਨੇ ਸਹਾਇਕ ਗੈਸਟ ਪ੍ਰੋਫੈਸਰਾਂ ਵੱਲੋਂ ਲਾਏ ਜਾ ਰਹੇ ਧਰਨੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਪਹਿਲਾਂ ਹੀ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਪੱਤਰ ਲਿਖਿਆ ਗਿਆ ਹੈ ਕਿ ਕੰਮ ਕਰ ਰਹੇ ਗੈਸਟ ਪ੍ਰੋਫੈਸਰਾਂ ਨੂੰ ਨਾ ਛੇੜਿਆ ਜਾਵੇ। ਉਨ੍ਹਾਂ ਕਿਹਾ ਕਿ ਪਿਛਲੀਆਂ ਕਈ ਸਰਕਾਰਾਂ ਨੇ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਕੋਈ ਯਤਨ ਨਹੀਂ ਕੀਤਾ ਜਿਸ ਕਾਰਨ ਹਾਲਾਤ ਵਿਗੜੇ ਹੋਏ ਹਨ ਤੇ ਇਨ੍ਹਾਂ ਨੂੰ ਸੁਧਾਰਨ ਲਈ ਸਮਾਂ ਵੀ ਚਾਹੀਦਾ ਹੈ ਤੇ ਸਾਧਨ ਵੀ ਚਾਹੀਦੇ ਹਨ।