ਸਰਬਜੀਤ ਗਿੱਲ
ਫਿਲੌਰ, 30 ਨਵੰਬਰ
ਅੱਜ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੀ ਅਗਵਾਈ ਹੇਠ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੇ ਜੀਟੀ ਰੋਡ ਜਾਮ ਕਰ ਦਿੱਤਾ। ਲੁਧਿਆਣਾ ਅਤੇ ਜਲੰਧਰ ਦੀ ਹੱਦ ’ਤੇ ਸਤਲੁਜ ਦਰਿਆ ਦੇ ਨਾਲ ਮੁਲਾਜ਼ਮਾਂ ਨੇ ਸੜਕ ਵਿਚਕਾਰ ਧਰਨਾ ਲਗਾਇਆ। ਧਰਨੇ ਕਾਰਨ ਕਰੀਬ ਦਸ ਕਿਲੋਮੀਟਰ ਤੱਕ ਲੰਬੀਆਂ ਲਾਈਨਾਂ ਲੱਗ ਗਈਆਂ। ਡੀਐੱਸਪੀ ਫਿਲੌਰ ਤੋਂ ਬਿਨਾਂ ਫਿਲੌਰ, ਗੁਰਾਇਆ ਅਤੇ ਬਿਲਗਾ ਦੀ ਪੁਲੀਸ ਮੌਕੇ ’ਤੇ ਪੁੱਜ ਗਈ।
ਧਰਨਾਕਾਰੀ ਨੇ ਆਪਣੀਆਂ ਮੰਗਾਂ ਲਈ ਅਣਮਿਥੇ ਸਮੇਂ ਲਈ ਸੜਕ ਜਾਮ ਕਰਨ ਦਾ ਐਲਾਨ ਕੀਤਾ ਸੀ। ਮਗਰੋਂ ਐੱਸਡੀਐੱਮ ਫਿਲੌਰ ਅਮਰਿੰਦਰ ਸਿੰਘ ਮੱਲ੍ਹੀ ਨੇ ਪੰਜਾਬ ਸਰਕਾਰ ਨਾਲ ਕੱਲ੍ਹ 11 ਵਜੇ ਹੋ ਰਹੀ ਮੀਟਿੰਗ ਬਾਰੇ ਯਕੀਨ ਦਵਾਉਂਦਿਆਂ ਜਾਮ ਖੁੱਲ੍ਹਵਾਇਆ। ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਇਹ ਮਸਲਾ ਸਬ-ਡਿਵੀਜ਼ਨ ਪੱਧਰ ਦਾ ਨਹੀਂ ਹੈ। ਉਨ੍ਹਾਂ ਦੇ ਯਕੀਨ ਦਿਵਾਉਣ ’ਤੇ ਜਾਮ ਖੋਲ੍ਹ ਦਿੱਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਉਹ ਪਿਛਲੇ ਸਾਢੇ ਚਾਰ ਸਾਲ ਤੋਂ ਸੰਘਰਸ਼ਾਂ ਦੇ ਰਾਹ ਪਏ ਹੋਏ ਹਨ। ਇਸ ਤੋਂ ਪਹਿਲਾ ਉਹ ਪਟਿਆਲਾ ਅਤੇ ਮੋਰਿੰਡਾ ਵਿੱਚ ਪੱਕੇ ਧਰਨੇ ਲਗਾ ਚੁੱਕੇ ਹਨ ਪਰ ਸਰਕਾਰ ਸੁਣਵਾਈ ਨਹੀਂ ਕਰ ਰਹੀਂ, ਸਗੋਂ ਸਰਕਾਰ ਛੱਤੀ ਹਜ਼ਾਰ ਕੱਚੇ ਮੁਲਾਜ਼ਮ ਪੱਕੇ ਕਰਨ ਬਾਰੇ ਝੂਠ ਬੋਲ ਰਹੀ ਹੈ।