ਨਿੱਜੀ ਪੱਤਰ ਪ੍ਰੇਰਕ
ਜਲੰਧਰ, 6 ਅਪਰੈਲ
ਕਿਸਾਨ ਸਿਖਲਾਈ ਕੈਂਪ ਦਾ ਉਦਘਾਟਨ ਕਰਦਿਆਂ ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ `ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸੂਬੇ ਦੀ ਸਾਰੀ ਆਰਥਿਕਤਾ ਦਾ ਦਾਰੋਮਦਾਰ ਖੇਤੀ ਉੱਤੇ ਟਿਕਿਆ ਹੋਇਆ ਹੈ ਅਤੇ ਖੇਤੀ 100 ਫੀਸਦੀ ਪਾਣੀ `ਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਾਂਝਾ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਡਿਗ ਰਹੇ ਪੱਧਰ ਨੂੰ ਹੋਰ ਹੇਠਾਂ ਜਾਣ ਤੋਂ ਰੋਕਿਆ ਜਾ ਸਕੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਬਿਜਾਈ ਕੁੱਦੂ ਕਰਨ ਦੀ ਥਾਂ ਸਿੱਧੀ ਬਿਜਾਈ ਕਰਨ `ਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਸਿੱਧੀ ਬਿਜਾਈ ਦਾ ਕਿਸਾਨਾਂ `ਚ ਰੁਝਾਨ ਵਧਾਉਣ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ।
ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਪਹਿਲੇ ਅਜਿਹੇ ਮੁੱਖ ਮੰਤਰੀ ਹਨ ਜਿਹੜੇ ਆਪਣੇ ਸਹੁੰ ਚੁੱਕ ਸਮਾਗਮ ਤੋਂ ਲੈਕੇ ਵਿਧਾਨ ਸਭਾ ਵਿੱਚ ਪੰਜਾਬ ਦੇ ਦਰਿਆਵਾਂ ਦੇ ਪਲੀਤ ਹੋਣ ਬਾਰੇ ਫਿਕਰਮੰਦ ਹਨ।
ਇਸ ਤੋਂ ਪਹਿਲਾਂ ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਰਿੰਦਰ ਸਿੰਘ ਕਿਹਾ ਕਿ ਇਸ ਸਾਲ ਮੱਕੀ ਹੇਠ 8000 ਹੈਕਟੇਅਰ ਬਾਸਮਤੀ ਹੇਠ 22000 ਹੈਕਟੇਅਰ ਰਕਬਾ ਬਿਜਾਈ ਦਾ ਟੀਚਾ ਹੈ। ਜ਼ਿਲ੍ਹੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਹੋਰ ਵਧਾਇਆ ਜਾਵੇਗਾ। ਇਸ ਕੈਂਪ ਵਿੱਚ ਇਲਾਕੇ ਭਰ ਤੋਂ 1500 ਦੇ ਕਰੀਬ ਕਿਸਾਨ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ।