ਨਿੱਜੀ ਪੱਤਰ ਪ੍ਰੇਰਕ
ਜਲੰਧਰ, 4 ਜੂਨ
ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਵੱਲੋਂ ਅਧਿਆਪਕਾਂ ਦੀਆਂ ਸਾਂਝੀਆਂ, ਜਾਇਜ਼ ਅਤੇ ਹੱਕੀ ਸਮੱਸਿਆਵਾਂ ਦਾ ਨਿਪਟਾਰਾ ਕਰਵਾਉਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱਖਿਆ) ਦੇ ਦਫ਼ਤਰ ਅੱਗੇ ਸ਼ੁਰੂ ਕੀਤਾ ਲੜੀਵਾਰ ਪੱਕਾ ਧਰਨਾ ਅੱਜ ਦੂਜੇ ਦਿਨ ਦਾਖਲ ਹੋ ਗਿਆ ਹੈ। ਇਹ ਧਰਨਾ ਜ਼ਿਲ੍ਹਾ ਸਿੱਖਿਆ ਅਫ਼ਸਰ ਜਲੰਧਰ ਦੇ ਜ਼ਿੱਦੀ ਅਤੇ ਅੜੀਅਲ ਰਵੱਈਏ ਦੇ ਵਿਰੋਧ ਵਿੱਚ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਅਧਿਆਪਕ ਆਗੂਆਂ ਨੇ ਦੋਸ਼ ਲਾਇਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱਖਿਆ) ਜਲੰਧਰ ਵਲੋਂ ਅਧਿਆਪਕਾਂ ਦੀ ਜਥੇਬੰਦੀ ਜੀਟੀਯੂ ਜਲੰਧਰ ਦੇ ਆਗੂਆਂ ਵੱਲੋਂ ਦਿੱਤੇ ਕੰਮਾਂ ਨੂੰ ਆਨੇ ਬਹਾਨੇ ਲੰਬੇ ਸਮੇਂ ਲਈ ਲਟਕਾਉਣ ਦਾ ਯਤਨ ਕੀਤਾ ਜਾਂਦਾ ਹੈ ਤਾਂ ਜੋ ਆਮ ਅਧਿਆਪਕਾਂ ਦਾ ਜਥੇਬੰਦੀ ਪ੍ਰਤੀ ਨਜ਼ਰੀਆ ਨਾਂਹ ਪੱਖੀ ਬਣਿਆ ਰਹੇ।ਅੱਜ ਦੂਜੇ ਦਿਨ ਧਰਨੇ ਦੀ ਸ਼ੁਰੂਆਤ ਬਲਾਕ ਪੂਰਬੀ-04 ਜਲੰਧਰ ਦੇ ਪ੍ਰਧਾਨ ਗੁਰਿੰਦਰ ਸਿੰਘ ਦੀ ਅਗਵਾਈ ਵਿੱਚ ਨਾਅਰੇਬਾਜ਼ੀ ਕਰਦਿਆਂ ਕੀਤੀ ਗਈ। ਧਰਨੇ ਨੂੰ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ ਤੇ ਜਨਰਲ ਸਕੱਤਰ ਗਣੇਸ਼ ਭਗਤ ਨੇ ਐਲਾਨ ਕੀਤਾ ਕਿ ਅਜੰਡੇ ਵਿੱਚ ਦਰਜ ਸਮੁੱਚੀਆਂ ਮੱਦਾਂ ਦਾ ਨਿਪਟਾਰਾ ਹੋਣ ਤੱਕ ਲੜੀਵਾਰ ਪੱਕਾ ਧਰਨਾ ਲਗਾਤਾਰ ਜਾਰੀ ਰਹੇਗਾ।