ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਮਈ
ਜ਼ਿਲ੍ਹਾ ਜਲੰਧਰ ਪੰਜਾਬ ਦੇ ਉਨ੍ਹਾਂ 12 ਜ਼ਿਲ੍ਹਿਆਂ ’ਚ ਸ਼ਾਮਲ ਹੈ ਜਿਸ ਦੇ ਸਾਰੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਜ਼ਿਲ੍ਹਾ ਸਿੱਖਿਆ ਅਫਸਰ (ਸੈਸਿੱ) ਹਰਿੰਦਰਪਾਲ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਰਾਮਪਾਲ ਸਿੰਘ ਨੇ ਦੱਸਿਆ ਕਿ ਅਧਿਆਪਕਾਂ ਵੱਲੋਂ ਜ਼ੂਮ ਤੇ ਵਟਸਐਪ ਰਾਹੀਂ ਵਿਦਿਆਰਥੀਆਂ ਨੂੰ ਹਰ ਰੋਜ਼ ਸਕੂਲ ਵਾਂਗ ਹੀ ਪੜ੍ਹਾਇਆ ਜਾ ਰਿਹਾ ਹੈ ਅਤੇ ਡੀਡੀ ਪੰਜਾਬੀ ਚੈਨਲ ਰਾਹੀਂ ਸੋਮਵਾਰ ਤੋਂ ਸ਼ਨਿੱਚਰਵਾਰ ਤੱਕ ਵਿਭਾਗ ਦੇ ਮਾਹਿਰ ਅਧਿਆਪਕਾਂ ਵੱਲੋਂ ਪੜ੍ਹਾਇਆ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਪਿਛਲੇ ਸਾਲ ਨਾਲੋਂ ਦਾਖਲਾ ਵਧਿਆ ਹੈ।