ਭਗਵਾਨ ਦਾਸ ਸੰਦਲ
ਦਸੂਹਾ, 16 ਨਵੰਬਰ
ਇਥੇ ਜੇਸੀਡੀਏਵੀ ਕਾਲਜ ਦਸੂਹਾ ਵਿਖੇ ਜ਼ੋਨਲ ਯੁਵਕ ਤੇ ਵਿਰਾਸਤੀ ਮੇਲੇ ਦੇ ਤੀਸਰੇ ਦਿਨ ਦਾ ਵਿਦਿਆਰਥੀਆਂ ਨੇ ਪੂਰਾ ਆਨੰਦ ਮਾਣਿਆ। ਪ੍ਰਿੰ. ਡਾ. ਅਮਰਦੀਪ ਗੁਪਤਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਜ਼ੋਨਲ ਯੁਵਕ ਤੇ ਵਿਰਾਸਤੀ ਮੇਲੇ ਦੇ ਤੀਸਰੇ ਦਿਨ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਡਾ. ਅਮਰੀਕ ਸਿੰਘ ਬਸਰਾ ਤੇ ਸੁਰਿੰਦਰ ਕੌਰ ਬਸਰਾ ਨੇ ਕੀਤਾ। ਇਸ ਮੌਕੇ ਸ੍ਰੀਮਤੀ ਨਿਰਮਲ ਗੁਪਤਾ ਮੈਂਬਰ ਡੀਏਵੀ ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਅਤੇ ਪ੍ਰਿੰ. ਸਮੀਰ ਸ਼ਰਮਾ ਅਤੇ ਸਾਹਿਤਕਾਰਾ ਡਾ. ਸੁਰਜੀਤ ਕੌਰ ਬਾਜਵਾ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਅੱਜ ਨਾਟਕ, ਭੰਡ, ਗਿੱਧਾ ਤੇ ਕੁਇਜ਼ ਆਦਿ ਖੂਬਸੂਰਤ ਕਲਾਵਾਂ ਦੇ ਮੁਕਾਬਲਿਆਂ ਨੇ ਮੇਲੇ ਨੂੰ ਸਿਖਰਾਂ ‘ਤੇ ਪਹੁੰਚਾਇਆ। ਅੱਜ ਐਲਾਨੇ ਨਤੀਜਿਆਂ ਵਿੱਚ ਵਾਰ ਗਾਇਨ ਮੁਕਾਬਲਿਆਂ ਵਿੱਚ ਦਸਮੇਸ਼ ਗਰਲਜ਼ ਕਾਲਜ, ਸਰਕਾਰੀ ਕਾਲਜ ਹੁਸ਼ਿਆਰਪੁਰ ਅਤੇ ਜੀ.ਟੀ.ਬੀ ਖਾਲਸਾ ਕਾਲਜ ਫਾਰ ਵਿਮੈਨ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਮੇਨ ਸਟੇਜ ਦੇ ਮੁਕਾਬਲਿਆਂ ਵਿੱਚ ਔਰਤਾਂ ਦੇ ਪਰੰਪਰਾਗਤ ਲੋਕ-ਗੀਤਾਂ ਵਿੱਚ ਸਰਕਾਰੀ ਕਾਲਜ ਤਲਵਾੜਾ ਨੇ ਕ੍ਰਮਵਾਰ ਪਹਿਲਾ, ਜੇ.ਸੀ.ਡੀ.ਏ.ਵੀ ਕਾਲਜ ਦਸੂਹਾ ਨੇ ਦੂਸਰਾ ਅਤੇ ਦਸਮੇਸ਼ ਗਰਲਜ਼ ਕਾਲਜ ਮੁਕੇਰੀਆ ਨੇ ਸੰਯੁਕਤ ਰੂਪ ਵਿੱਚ ਦੂਸਰਾ ਤੇ ਖਾਲਸਾ ਕਾਲਜ ਗੜ੍ਹਦੀਵਾਲਾ ਨੇ ਤੀਸਰਾ ਸਥਾਨ ਹਾਸਲ ਕੀਤਾ। ਸਿਰਜਨਾਤਮਕ ਲੇਖਣੀ (ਨਬਿੰਧ) ਵਿੱਚ ਐੱਸਪੀਐਨ ਕਾਲਜ ਮੁਕੇਰੀਆਂ, ਜੇਸੀਡੀਏਵੀ ਕਾਲਜ ਦਸੂਹਾ ਅਤੇ ਪੀ.ਕੇ ਕਾਲਜ ਫਾਰ ਵਿਮੈਨ ਤੇ ਕੰਧਾਲਾ ਜੱਟਾਂ ਦੀ ਟੀਮ ਨੇ ਕ੍ਰਮਵਾਰ ਪਹਿਲੀਆਂ ਤਿੰਨ ਪੁਜ਼ੀਸ਼ਨਾਂ ’ਤੇ ਕਬਜ਼ਾ ਕੀਤਾ। ਸੁੰਦਰ ਹੱਥ ਲਿਖਤ ਮੁਕਾਬਲਿਆਂ (ਹਿੰਦੀ) ਵਿਚ ਸਰਕਾਰੀ ਕਾਲਜ ਤਲਵਾੜਾ, ਸਰਕਾਰੀ ਕਾਲਜ ਹੁਸ਼ਿਆਰਪੁਰ ਅਤੇ ਜੇਸੀਡੀਏਵੀ ਕਾਲਜ ਦਸੂਹਾ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ। ਕਵਿਤਾ ਉਚਾਰਨ ਮੁਕਾਬਲਿਆਂ ਵਿੱਚ ਐੱਸਪੀਐੱਨ ਕਾਲਜ ਮੁਕੇਰੀਆਂ, ਜੇਸੀਡੀਏਵੀ ਕਾਲਜ ਦਸੂਹਾ ਅਤੇ ਜੀਟੀਬੀ ਖਾਲਸਾ ਕਾਲਜ ਫਾਰ ਵਿਮੈਨ ਦਸੂਹਾ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ । ਕਹਾਣੀ ਲੇਖਣ ਮੁਕਾਬਲਿਆਂ ਵਿੱਚ ਖਾਲਸਾ ਕਾਲਜ ਗੜ੍ਹਦੀਵਾਲਾ ਨੇ ਪਹਿਲਾ, ਜੇਸੀਡੀਏਵੀ ਕਾਲਜ ਦਸੂਹਾ ਨੇ ਦੂਸਰਾ ਸਥਾਨ ਹਾਸਲ ਕੀਤਾ। ਸੁੰਦਰ ਹੱਥ ਲਿਖਤ ਮੁਕਾਬਲਿਆਂ(ਇੰਗਲਿਸ਼) ਵਿਚ ਦਸਮੇਸ਼ ਗਰਲਜ਼ ਕਾਲਜ ਮੁਕੇਰੀਆ ਮੋਹਰੀ ਰਿਹਾ ਜਦੋਕਿ ਜੇ.ਸੀ.ਡੀ.ਏ.ਵੀ ਕਾਲਜ ਅਤੇ ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਕ੍ਰਮਵਾਰ ਪਹਿਲਾ ਤੇ ਦੂਸਰਾ ਸਥਾਨ ਹਾਸਲ ਕੀਤਾ।