ਜਗਜੀਤ ਸਿੰਘ
ਮੁਕੇਰੀਆਂ, 25 ਅਕਤੂਬਰ
ਸ਼ਹਿਰ ਦੇ ਡਾਕਖਾਨੇ ਦੇ ਪਿੱਛੇ ਸਥਿਤ ਨਿਊ ਕਾਲੋਨੀ ਵਿੱਚ ਸੰਘਣੀ ਆਬਾਦੀ ’ਚ ਬਣੀ ਦੋ ਮੰਜ਼ਿਲਾ ਦੁਕਾਨ ਦੇ ਉੱਪਰਲੇ ਹਿੱਸੇ ’ਚ ਅਚਾਨਕ ਅੱਗ ਲੱਗਣ ਕਾਰਨ ਦੁਕਾਨ ’ਚ ਰੱਖਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਪ੍ਰਾਪਤ ਵੇਰਵੇ ਅਨੁਸਾਰ ਮੰਗਲਵਾਰ ਸਵੇਰੇ ਵਰਿੰਦਰ ਬਹਿਲ ਪੁੱਤਰ ਕਾਲੂ ਰਾਮ ਬਹਿਲ ਦੀ ਦੁਕਾਨ ਦੇ ਉਪਰਲੇ ਹਿੱਸੇ ’ਚੋਂ ਅਚਾਨਕ ਅੱਗ ਦੀਆਂ ਲਪਟਾਂ ਉੱਠਣ ਕਾਰਨ ਮੁਹੱਲੇ ’ਚ ਹਫ਼ਰਾ-ਤਫ਼ਰੀ ਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਵਧਦੀ ਅੱਗ ਨੂੰ ਕਾਬੂ ਕਰਨ ਲਈ ਫਾਇਰ ਬ੍ਰਿਗੇਡ ਦਾ ਸਹਾਰਾ ਲੈਣਾ ਪਿਆ ਤੇ ਮੌਕੇ ’ਤੇ ਪੁੱਜੀ ਫਾਇਰ ਬ੍ਰਿਗੇਡ ਦਸੂਹਾ ਦੀ ਟੀਮ ਕਾਫੀ ਮੁਸ਼ਕਤ ਨਾਲ ਅੱਗ ’ਤੇ ਕਾਬੂ ਪਾਇਆ।
ਦੁਕਾਨ ਦੇ ਮਾਲਿਕ ਵਰਿੰਦਰ ਬਹਿਲ ਨੇ ਦੱਸਿਆ ਕਿ ਦੁਕਾਨ ਦੇ ਉੱਪਰਲੇ ਹਿੱਸੇ ’ਚ ਖ਼ਾਲੀ ਬੋਰੀਆਂ ਦਾ ਬਾਰਦਾਨਾ, ਡਿਸਪੋਜੇਬਲ ਸਾਮਾਨ ਤੇ ਕੋਲਾ ਆਦਿ ਰੱਖਿਆ ਹੋਇਆ ਸੀ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਬੀਤੀ ਰਾਤ ਦੀਵਾਲੀ ਮਨਾਉਂਦੇ ਹੋਏ ਸ਼ਹਿਰ ਅੰਦਰ ਚੱਲੇ ਪਟਾਕਿਆਂ ਤੇ ਆਤਿਸ਼ਬਾਜ਼ੀ ਕਾਰਨ ਦੁਕਾਨ ਵਿੱਚ ਅੱਗ ਲੱਗੀ ਹੈ। ਉਨ੍ਹਾਂ ਦੱਸਿਆ ਕਿ ਅੱਗ ਨਾਲ ਉਨ੍ਹਾਂ ਦਾ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਗਿਆ ਹੈ। ਘਟਨਾ ਸਥਾਨ ’ਤੇ ਪੁੱਜੇ ਨਗਰ ਕੌਂਸਲ ਕਮੇਟੀ ਮੁਕੇਰੀਆਂ ਦੇ ਪ੍ਰਧਾਨ ਵਿਨੋਦ ਕੁਮਾਰ ਨੇ ਦੱਸਿਆ ਕਿ ਜਿਵੇਂ ਹੀ ਅੱਗ ਲੱਗਣ ਦੀ ਸੂਚਨਾ ਉਨ੍ਹਾਂ ਤੱਕ ਪੁੱਜੀ ਤਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਪੁੱਛੇ ਜਾਣ ’ਤੇ ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਕੋਲ ਫਾਇਰ ਬ੍ਰਿਗੇਡ ਦੀ ਗੱਡੀ ਤਾਂ ਉਪਲੱਬਧ ਹੈ ਪਰ ਯੋਗ ਸਟਾਫ਼ ਦੇ ਪ੍ਰਬੰਧ ਲਈ ਸਰਕਾਰ ਨੂੰ ਲਿਖ ਕੇ ਭੇਜਿਆ ਗਿਆ ਹੈ ਜਿੱਥੇ ਸਰਕਾਰ ਵੱਲੋਂ ਸਟਾਫ਼ ਤਾਇਨਾਤ ਕਰਨ ਦਾ ਕੰਮ ਚਲ ਰਿਹਾ ਹੈ ਤੇ ਜਲਦੀ ਹੀ ਸਟਾਫ਼ ਦੀ ਵਿਵਸਥਾ ਵੀ ਹੋ ਜਾਵੇਗੀ।
ਅੰਮ੍ਰਿਤਸਰ (ਟ੍ਰਿਬਿਊਨ ਨਿਉੂਜ਼ ਸਰਵਿਸ) ਦੀਵਾਲੀ ਵਾਲੀ ਰਾਤ ਸ਼ਹਿਰ ਵਿੱਚ ਲਗਪਗ ਡੇਢ ਦਰਜਨ ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ ਪਰ ਇਸ ਦੌਰਾਨ ਕਿਸੇ ਵੀ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੀਵਾਲੀ ਵਾਲੀ ਰਾਤ ਭਾਵੇਂ ਹਰ ਵਰ੍ਹੇ ਹੀ ਫਾਇਰ ਬ੍ਰਿਗੇਡ ਵਿਭਾਗ ਲਈ ਮੁਸ਼ਕਲਾਂ ਤੇ ਚੁਣੌਤੀਆਂ ਵਾਲਾ ਸਮਾਂ ਹੁੰਦਾ ਹੈ ਪਰ ਇਸ ਵਾਰ ਅੱਗ ਲੱਗਣ ਦੀਆਂ ਘਟਨਾਵਾਂ ਵਧੇਰੇ ਵਾਪਰੀਆਂ ਹਨ।
ਅੱਗ ਲੱਗਣ ਦੀ ਪਹਿਲੀ ਘਟਨਾ ਸਬਜ਼ੀ ਮੰਡੀ ਵੱਲਾ ’ਚ ਵਾਪਰੀ ਜਿੱਥੇ ਤਿੰਨ ਖੋਖੇ ਅੱਗ ਨਾਲ ਸੜ ਗਏ। ਇਹ ਅੱਗ ਪਟਾਕਿਆਂ ਕਾਰਨ ਲੱਗੀ। ਇਸ ਅੱਗ ਕਾਰਨ ਇਨ੍ਹਾਂ ਖੋਖਿਆਂ ’ਚ ਪਏ ਫਲ ਤੇ ਸਬਜ਼ੀਆਂ ਸੜ ਕੇ ਸੁਆਹ ਹੋ ਗਈਆਂ। ਇਸੇ ਤਰ੍ਹਾਂ ਭਗਤਾਂਵਾਲਾ ਦੇ ਜੈ ਸਿੰਘ ਚੌਕ ਇਲਾਕੇ ’ਚ ਅੱਗ ਲੱਗੀ ਜਿੱਥੇ ਭੀੜੀਆਂ ਗਲੀਆਂ ’ਚ ਜਾਣ ਵਾਸਤੇ ਅੱਗ ਬੁਝਾਊ ਦਸਤੇ ਨੂੰ ਸਖ਼ਤ ਮਸ਼ੱਕਤ ਕਰਨੀ ਪਈ। ਇਸ ਤੋਂ ਇਲਾਵਾ ਜਹਾਜਗੜ੍ਹ ਵਿਖੇ ਸੇਵਾ ਕੇਂਦਰ ’ਚ, ਕੱਲੂ ਦਾ ਅਖਾੜਾ, ਤਰਨਤਾਰਨ ਰੋਡ ,ਫੋਕਲ ਪੁਆਇੰਟ, ਇਸਲਾਮਾਬਾਦ ਵਿੱਚ ਭੱਲਾ ਕਲੋਨੀ, ਘਾਹ ਮੰਡੀ ਤੇ ਪੰਜ ਪੀਰ ਇਲਾਕੇ ਵਿੱਚ ਵੀ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ। ਇਸੇ ਤਰ੍ਹਾਂ ਭਗਤਾਂ ਵਾਲਾ ਵਿਖੇ ਨਗਰ ਨਿਗਮ ਦੇ ਦਫ਼ਤਰ ’ਚ ਵੀ ਗੈਸ ਸਿਲੰਡਰ ਦੇ ਫਟਣ ਕਾਰਨ ਅੱਗ ਲੱਗੀ ਹੈ।
ਸ਼ਾਹਕੋਟ (ਪੱਤਰ ਪ੍ਰੇਰਕ) ਦੀਵਾਲੀ ਵਾਲੀ ਰਾਤ ਕਸਬਾ ਲੋਹੀਆਂ ਵਿੱਚ ਬੇਕਰੀ ਦੇ ਸਟੋਰ ਤੇ ਕੱਪੜੇ ਦੀ ਦੁਕਾਨ ਨੂੰ ਅੱਗ ਲੱਗ ਜਾਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਰਿੰਕੂ ਬੇਕਰੀ ਸਟੋਰ ਦੇ ਮਾਲਿਕ ਨੇ ਦੱਸਿਆ ਕਿ ਉਨ੍ਹਾਂ ਦੇ ਬੇਕਰੀ ਦੇ ਸਟੋਰ ਦੀ ਛੱਤ ਉੱਪਰ ਰੱਖੇ ਹੋਏ ਮਘੋਰੇ ਰਾਹੀਂ ਦੀਵਾਲੀ ਵਾਲ ਰਾਤ ਕਿਸੇ ਵੱਲੋਂ ਚਲਾਈ ਹੋਈ ਹਵਾਈਂ ਉਨ੍ਹਾਂ ਦੇ ਸਟੋਰ ਵਿੱਚ ਵੜ ਗਈ। ਉਸ ਹਵਾਈਂ ਨਾਲ ਲੱਗੀ ਅੱਗ ਨੇ ਉਨ੍ਹਾਂ ਦਾ ਕਰੀਬ ਢਾਈ ਲੱਖ ਰੁਪਏ ਦਾ ਨੁਕਸਾਨ ਕਰ ਦਿੱਤਾ ਹੈ। ਬੇਕਰੀ ਸਟੋਰ ਦੇ ਗੁਆਂਢ ਵਿੱਚ ਕੱਪੜੇ ਦੀ ਦੁਕਾਨ ਦੇ ਮਾਲਿਕ ਸੁਰਿੰਦਰ ਸਿੰਘ ਨੇ ਦੱਸਿਆ ਕਿ ਬੇਕਰੀ ਦੇ ਸਟੋਰ ਵਿੱਚ ਲੱਗੀ ਅੱਗ ਨੇ ਉਨ੍ਹਾਂ ਦੀ ਦੁਕਾਨ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਨਾਲ ਉਨ੍ਹਾਂ ਦਾ ਕਰੀਬ 30 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ। ਸੂਚਨਾ ਮਿਲਣ ’ਤੇ ਐੱਸ.ਐੱਚ.ਓ. ਸੁਰਜੀਤ ਸਿੰਘ ਪੱਡਾ ਪੁਲੀ ਪਾਰਟੀ ਨਾਲ ਅਤੇ ਸ਼ਾਹਕੋਟ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ। ਕਸਬਾ ਵਾਸੀਆਂ, ਪੁਲੀਸ ਤੇ ਫਾਇਰ ਬ੍ਰਿਗੇਡ ਵਾਲਿਆਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਚਿੱਟਾ ਹਾਥੀ ਬਣੀ ਨਗਰ ਕੌਂਸਲ ਮੁਕੇਰੀਆਂ ਦੀ ਫਾਇਰ ਫਾਈਟਰ ਗੱਡੀ
ਦੂਜੇ ਪਾਸੇ ਸ਼ਹਿਰ ਵਾਸੀਆਂ ਨੇ ਇਸ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਨਗਰ ਕੌਂਸਲ ਮੁਕੇਰੀਆਂ ਨੂੰ ਘੇਰ ਲਿਆ। ਇਸ ਮੌਕੇ ਇਕੱਤਰ ਸ਼ਹਿਰ ਵਾਸੀਆਂ ਨੇ ਦੋਸ਼ ਲਾਇਆ ਕਿ ਨਗਰ ਕੌਂਸਲ ਮੁਕੇਰੀਆਂ ਵੱਲੋਂ ਲੱਖਾਂ ਰੁਪਏ ਖ਼ਰਚ ਕੇ ਫਾਇਰ ਬ੍ਰਿਗੇਡ ਦੀ ਗੱਡੀ ਲਿਆਂਦੀ ਤਾਂ ਗਈ ਹੈ ਪਰ ਸਟਾਫ਼ ਨਾ ਹੋਣ ਕਾਰਨ ਗੱਡੀ ਚਿੱਟਾ ਹਾਥੀ ਸਾਬਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਕੇਰੀਆਂ ਹਲਕੇ ’ਚ ਅਗਜ਼ਨੀ ਦੀ ਘਟਨਾ ਨਾਲ ਨਜਿੱਠਣ ਲਈ ਦਸੂਹਾ ਜਾਂ ਤਲਵਾੜਾ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਬੁਲਾਉਣੀ ਪੈਂਦੀ ਹੈ ਜਿਸਨੂੰ ਘਟਨਾ ਸਥਲ ’ਤੇ ਪੁੱਜਣ ਲਈ ਕਾਫ਼ੀ ਸਮਾਂ ਲੱਗਦਾ ਹੈ ਉਦੋਂ ਤੱਕ ਅੱਗ ਆਪਣਾ ਕੰਮ ਕਰ ਚੁੱਕੀ ਹੁੰਦੀ ਹੈ ਤੇ ਪੀੜਤਾਂ ਪੱਲੇ ਸੁਆਹ ਹੀ ਪੈਂਦੀ ਹੈ।
ਜਲੰਧਰ ਵਿੱਚ ਟੈਂਟ ਹਾਊਸ ਨੂੰ ਅੱਗ ਲੱਗੀ
ਆਦਮਪੁਰ ਦੋਆਬਾ (ਜਲੰਧਰ),(ਪੱਤਰ ਪ੍ਰੇਰਕ) ਬੀਤੀ ਦੇਰ ਰਾਤ ਜਲੰਧਰ ਦੇ ਪਲਾਜ਼ਾ ਚੌਕ ਦੇ ਸਾਹਮਣੇ ਰੰਜੀਤ ਟੈਂਟ ਹਾਊਸ ਵਿੱਚ ਭਿਆਨਕ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਅਤੇ ਡੀ.ਸੀ.ਪੀ. ਅੰਕੁਰ ਗੁਪਤਾ. ਏਸੀਪੀ ਨਿਰਮਲ ਸਿੰਘ ਤੇ ਪੁਲੀਸ ਦੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਬੜੀ ਮਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਦੇ ਅਧਿਕਾਰੀ ਰਜਿੰਦਰ ਸਹੋਤਾ ਨੇ ਦੱਸਿਆ ਕਿ ਜਦੋਂ ਉਹ ਪਹੁੰਚੇ ਤਾਂ ਅੱਗ ਕਾਫੀ ਭਡਕੀ ਹੋਈ ਸੀ ਤੇ ਉਨ੍ਹਾਂ ਦੀ ਟੀਮ ਨੇ ਬੜੀ ਮੁਸ਼ੱਕਤ ਦੇ ਨਾਲ ਅੱਗ ਕਾਬੂ ਕੀਤੀ। ਮੌਕੇ ’ਤੇ ਪਹੁੰਚੇ ਡੀ.ਸੀ.ਪੀ. ਅੰਕੁਰ ਗੁਪਤਾ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਮੌਕੇ ’ਤੇ ਪਹੁੰਚੇ ਗਏ। ਉਨ੍ਹਾਂ ਕਿਹਾ ਕਿ ਅੱਗ ਲੱਗਣ ਕਾਰਨ ਜਿੱਥੇ ਹੋਰ ਨੁਕਸਾਨ ਹੋਇਆ ਹੈ ਉੱਥੇ ਹੀ ਦੋ ਵਾਹਨ ਵੀ ਕੁਝ ਨੁਕਸਾਨੇ ਗਏ ਹਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਫਾਇਰ ਬ੍ਰਿਗੇਡ ਦੀਆਂ 13 ਦੇ ਕਰੀਬ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ।