ਹਰਜੀਤ ਸਿੰਘ ਪਰਮਾਰ
ਬਟਾਲਾ, 15 ਦਸੰਬਰ
ਘਰ ਜਵਾਈ ਬਣ ਕੇ ਰਹਿ ਰਹੇ ਵਿਅਕਤੀ ਨੇ ਜਾਇਦਾਦ ਦੇ ਲਾਲਚ ਕਾਰਨ ਆਪਣੇ ਸਕੇ ਸਾਲੇ ਨੂੰ ਤੇਜ਼ਧਾਰ ਹਥਿਆਰ ਨਾਲ ਵੱਢ ਕੇ ਕਤਲ ਕਰਕੇ ਲਾਸ਼ ਨੂੰ ਅੰਮ੍ਰਿਤਸਰ ਨੇੜੇ ਵੱਲ੍ਹਾ ਨਹਿਰ ਵਿੱਚ ਸੁੱਟ ਦਿੱਤਾ। ਮ੍ਰਿਤਕ ਲੰਘੀ 26 ਨਵੰਬਰ ਤੋਂ ਹੀ ਘਰੋਂ ਲਾਪਤਾ ਸੀ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨਵਜੋਤ ਸਿੰਘ ਆਪਣੇ ਸਹੁਰੇ ਘਰ ਜਵਾਈ ਬਣ ਕੇ ਰਹਿ ਰਿਹਾ ਸੀ ਅਤੇ ਉਸੇ ਘਰ ’ਤੇ ਹੀ ਕਬਜ਼ਾ ਕਰਨਾ ਚਾਹੁੰਦਾ ਸੀ। ਪੁਲੀਸ ਅਨੁਸਾਰ ਫਿਲਹਾਲ ਮ੍ਰਿਤਕ ਦੀ ਲਾਸ਼ ਬਰਾਮਦ ਨਹੀਂ ਹੋ ਸਕੀ ਅਤੇ ਪੁਲੀਸ ਨੇ ਹੁਣ ਨਹਿਰ ਦਾ ਪਾਣੀ ਬੰਦ ਕਰਵਾਇਆ ਹੈ। ਪੁਲੀਸ ਨੂੰ ਦਿੱਤੇ ਬਿਆਨ ਵਿੱਚ ਮ੍ਰਿਤਕ ਕਰਨ ਕੁਮਾਰ (16) ਦੇ ਪਿਤਾ ਸੁਖਦੇਵ ਪਾਲ ਵਾਸੀ ਗੌਂਸਪੁਰਾ, ਬਟਾਲਾ ਨੇ ਦੱਸਿਆ ਕਿ ਉਹ ਹਲਵਾਈ ਦਾ ਕੰਮ ਕਰਦਾ ਹੈ ਅਤੇ ਕੁੱਝ ਸਾਲ ਪਹਿਲਾਂ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਲੜਕਾ ਉਸ ਨਾਲ ਹਲਵਾਈ ਦੀ ਦੁਕਾਨ ’ਤੇ ਹੀ ਕੰਮ ਕਰਦਾ ਸੀ। ਉਸ ਨੇ ਦੱਸਿਆ ਕਿ ਉਸ ਦੀ ਲੜਕੀ ਨੇ ਨਵਜੋਤ ਸਿੰਘ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਪਿਛਲੇ ਦੋ ਸਾਲ ਤੋਂ ਉਸ ਦੀ ਲੜਕੀ ਅਤੇ ਜਵਾਈ ਉਸ ਦੇ ਘਰ ਗੌਂਸਪੁਰਾ ਵਿੱਚ ਹੀ ਰਹਿ ਰਹੇ ਸਨ। ਉਸ ਨੇ ਦੱਸਿਆ ਕਿ ਕਰਨ ਕੁਮਾਰ ਨੂੰ ਨਵਜੋਤ ਨੇ ਰਸਤੇ ਵਿੱਚੋਂ ਹਟਾਉਣ ਲਈ ਘੁੰਮਾਉਣ-ਫਿਰਾਉਣ ਦਾ ਬਹਾਨਾ ਲਾ ਕੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਅੰਮ੍ਰਿਤਸਰ ਨੇੜੇ ਵੱਲ੍ਹਾ ਲੈ ਗਿਆ ਅਤੇ ਦਾਤਰ ਨਾਲ ਉਸ ਦਾ ਕਤਲ ਕਰਕੇ ਉਸ ਦੀ ਲਾਸ਼ ਨਹਿਰ ਵਿੱਚ ਸੁੱਟ ਦਿੱਤੀ। 28 ਨਵੰਬਰ ਨੂੰ ਪਰਿਵਾਰਕ ਮੈਂਬਰਾਂ ਨੇ ਆਪਣੇ ਪੁੱਤਰ ਦੀ ਗੁੰਮਸ਼ੁਦਗੀ ਰਿਪੋਰਟ ਥਾਣਾ ਸਿਵਲ ਲਾਈਨਜ਼ ਵਿੱਚ ਲਿਖਵਾਈ ਸੀ। ਜਾਂਚ ਅਧਿਕਾਰੀ ਏਐੱਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ।
ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ: ਪੁਲੀਸ
ਜੀਜੇ ਵੱਲੋਂ ਨਾਬਾਲਗ ਸਾਲੇ ਦੇ ਕੀਤੇ ਗਏ ਕਤਲ ਦੀ ਗੁੱਥੀ ਸੁਲਝਾਉਣ ਬਾਰੇ ਜਦ ਜਾਂਚ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁਲਜ਼ਮ ਦੇ ਫੋਨ ਦੀਆਂ ਲੋਕੇਸ਼ਨਾਂ ਅਤੇ ਕਾਲ ਡਿਟੇਲਾਂ ਦੇ ਆਧਾਰ ’ਤੇ ਪੁਲੀਸ ਨੇ ਸਾਰਾ ਮਾਮਲਾ ਸੁਲਝਾਇਆ ਹੈ। ਉਨ੍ਹਾਂ ਦੱਸਿਆ ਕਿ ਫੋਨ ਦੀ ਲੋਕੇਸ਼ਨ ਤੋਂ ਪਤਾ ਲੱਗਿਆ ਕਿ ਮੁਲਜ਼ਮ 26 ਨਵੰਬਰ ਨੂੰ ਵੱਲ੍ਹਾ ਵਿੱਚ ਹੀ ਸੀ। ਇਸ ਕਾਰਨ ਪੁਲੀਸ ਨੂੰ ਉਸ ’ਤੇ ਸ਼ੱਕ ਹੋਰ ਪੁਖਤਾ ਹੋ ਗਿਆ। ਜਾਂਚ ਅਧਿਕਾਰੀ ਨੂੰ ਜਦ ਮੁਲਜ਼ਮ ਦੀ ਗ੍ਰਿਫ਼ਤਾਰੀ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਫਿਲਹਾਲ ਪੁਲੀਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਪਰ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਠੰਢ ਲੱਗਣ ਨਾਲ ਭਿਖਾਰੀ ਦੀ ਮੌਤ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਗੀਤਾ ਮੰਦਰ ਨੇੜੇ ਭਿਖਾਰੀ ਦੀ ਠੰਢ ਲੱਗਣ ਨਾਲ ਮੌਤ ਹੋ ਗਈ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਏਐੱਸਆਈ ਚਰਨ ਸਿੰਘ ਨੇ ਦੱਸਿਆ ਕਿ ਭਿਖਾਰੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਤੇ ਉਸ ਦੀ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਵਿਚ ਮੁਰਦਾਘਰ ’ਚ ਰੱਖਿਆ ਗਿਆ ਹੈ। ਪੁਲੀਸ ਅਨੁਸਾਰ ਭਿਖਾਰੀ ਦੀ ਮੌਤ ਜ਼ਿਆਦਾ ਠੰਢ ਲੱਗਣ ਕਾਰਨ ਹੋਈ ਹੈ।
ਨਾਨਕਪੁਰਾ ਮੁਹੱਲੇ ’ਚ ਤਲਵਾਰ ਨਾਲ ਪਤਨੀ ਨੂੰ ਵੱਢਿਆ
ਗੁਰਾਇਆ (ਨਰਿੰਦਰ ਸਿੰਘ ਧੋਥੜ): ਸਥਾਨਕ ਮੁਹੱਲਾ ਨਾਨਕਪੁਰਾ ਵਿੱਚ ਪਤੀ ਨੇ ਆਪਣੀ ਪਤਨੀ ਨੂੰ ਤਲਵਾਰ ਨਾਲ ਵੱਢ ਦਿੱਤਾ। ਘਟਨਾ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪਤਨੀ ਦੀ ਹੱਤਿਆ ਕਰਨ ਤੋਂ ਬਾਅਦ ਪਤੀ ਖੁਦ ਤਲਵਾਰ ਲੈ ਕੇ ਥਾਣਾ ਗੁਰਾਇਆ ਵਿੱਚ ਪਹੁੰਚ ਗਿਆ। 40 ਸਾਲਾ ਕਲਵਿੰਦਰ ਕੌਰ ਉਰਫ ਬਿੰਦੂ ਦਾ ਵਿਆਹ ਜਸਵੰਤ ਸਿੰਘ ਨਾਲ ਮੁਹੱਲਾ ਸ਼ਿਮਲਾਪੁਰੀ ਲੁਧਿਆਣਾ ਵਿੱਚ ਹੋਇਆ ਸੀ ਅਤੇ ਉਹ ਤਲਾਕ ਦੇ ਕੇਸ ਦਾ ਸਾਹਮਣਾ ਕਰ ਰਹੀ ਸੀ। ਉਹ ਕਰੀਬ ਮਹੀਨੇ ਤੋਂ ਗੁਰਾਇਆ ਵਿਚ ਆਪਣੀ ਮਾਸੀ ਦੇ ਘਰ ਰਹਿ ਰਹੀ ਸੀ। ਅੱਜ ਉਹ ਬਾਜ਼ਾਰ ਵਿੱਚੋਂ ਸੂਟ ਲੈ ਕੇ ਮਾਸੀ ਦੇ ਘਰ ਆ ਰਹੀ ਸੀ ਕਿ ਪਤੀ ਨੇ ਉਸ ਦੇ ਘਰ ਦੇ ਬਾਹਰ ਹੀ ਤਲਵਾਰ ਨਾਲ ਵੱਢ ਦਿੱਤਾ। ਕੁਲਵਿੰਦਰ ਕੌਰ ਜ਼ਖਮੀ ਹਾਲਤ ਵਿੱਚ ਘਰ ਦੇ ਅੰਦਰ ਡਿੱਗ ਪਈ। ਉਸ ਦਾ ਰੌਲਾ ਸੁਣ ਕੇ ਗੁਆਂਢੀ ਬਾਹਰ ਆ ਗਏ। ਇਸੇ ਦੌਰਾਨ ਜ਼ਖਮੀ ਹਾਲਤ ’ਚ ਹਸਪਤਾਲ ਵਿੱਚ ਬਿੰਦੂ ਦੀ ਮੌਤ ਹੋ ਗਈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।