ਫਗਵਾੜਾ (ਜਸਬੀਰ ਸਿੰਘ ਚਾਨਾ): ਇਥੋਂ ਦੇ ਮੁਹੱਲਾ ਭਗਤਪੁਰਾ ਵਿਖੇ ਜੀਜੇ ਨੇ ਆਪਣੇ ਸਾਲੇ ਨੂੰ ਪੈਟਰੋਲ ਪਾ ਕੇ ਸਾੜ ਦਿੱਤਾ ਜਿਸ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ਲਿਆਂਦਾ ਗਿਆ। ਘਟਨਾ ਦੀ ਸੂਚਨਾ ਮਿਲਦੇ ਸਾਰ ਡੀ.ਐਸ.ਪੀ. ਅਸ਼ਰੂ ਰਾਮ ਸ਼ਰਮਾ ਮੌਕੇ ’ਤੇ ਪੁੱਜੇ ਤੇ ਘਟਨਾ ਦੀ ਜਾਣਕਾਰੀ ਹਾਸਲ ਕੀਤੀ। ਐਸ.ਪੀ. ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਹੱਲਾ ਭਗਤਪੁਰਾ ਦੀ ਗਲੀ ਨੰਬਰ 1 ਦਾ ਵਾਸੀ ਗੌਰਵ ਕੁਮਾਰ ਪੁੱਤਰ ਵਿਜੈ ਕੁਮਾਰ ਦੀ ਸ਼ਾਦੀ ਰਿੰਕੀ ਵਾਸੀ ਲੁਧਿਆਣਾ ਨਾਲ ਹੋਈ ਸੀ ਜਿਸ ਦੇ ਇੱਕ ਪੁੱਤਰੀ ਵੀ ਹੈ।ਗੌਰਵ ਦੀ ਆਪਣੀ ਸਾਲੀ ਨਾਲ ਪ੍ਰੇਮ ਸਬੰਧ ਬਣ ਗਏ। ਕੁਝ ਦਿਨ ਪਹਿਲਾਂ ਗੌਰਵ ਆਪਣੀ ਸਾਲੀ ਨੂੰ ਲੈ ਕੇ ਫ਼ਰਾਰ ਹੋ ਗਿਆ। ਗੌਰਵ ਦਾ ਸਾਲਾ ਵਰੁਨ ਕੁਮਾਰ ਇਸ ਦਾ ਵਿਰੋਧ ਕਰ ਰਿਹਾ ਸੀ ਤੇ ਆਪਣੇ ਜੀਜੇ ਦੇ ਭੱਜਣ ਕਾਰਨ ਉਹ ਇੱਥੇ ਆਪਣੀ ਵੱਡੀ ਭੈਣ ਕੋਲ ਲੁਧਿਆਣੇ ਤੋਂ ਆ ਕੇ ਰਹਿ ਰਿਹਾ ਸੀ। ਅੱਜ ਸ਼ਾਮ ਅਚਾਨਕ ਗੌਰਵ ਆਪਣੀ ਬੱਚੀ ਨੂੰ ਲੈਣ ਲਈ ਭਗਤਪੁਰਾ ਆਇਆ ਤਾਂ ਘਰ ’ਚ ਮੌਜੂਦ ਉਸ ਦੀ ਸਾਲੇ ਨਾਲ ਤਕਰਾਰ ਹੋ ਗਈ। ਇਸ ਦੌਰਾਨ ਗੌਰਵ ਨੇ ਆਪਣੇ ਨਾਲ ਲਿਆਂਦੀ ਪੈਟਰੋਲ ਦੀ ਬੋਤਲ ਆਪਣੇ ਸਾਲੇ ਵਰੁਨ ’ਤੇ ਪਾ ਕੇ ਉਸ ਨੂੰ ਅੱਗ ਲੱਗਾ ਦਿੱਤੀ ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ। ਰੌਲਾ ਪੈਣ ’ਤੇ ਗੁਆਂਢੀਆਂ ਨੇ ਉਸ ਦੀ ਅੱਗ ਬੁਝਾਈ ਤੇ ਉਸ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ਲਿਆਂਦਾ। ਐਸ.ਪੀ. ਨੇ ਦੱਸਿਆ ਕਿ ਪੁਲੀਸ ਨੇ ਧਾਰਾ 307 ਅਧੀਨ ਕੇਸ ਦਰਜ ਕਰਕੇ ਉਕਤ ਨੌਜਵਾਨ ਦੇ ਜੀਜੇ ਤੇ ਉਸ ਦੀ ਛੋਟੀ ਭੈਣ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਸ.ਐਮ.ਓ ਡਾ. ਕਮਲ ਕਿਸ਼ੋਰ ਨੇ ਦੱਸਿਆ ਕਿ ਉਕਤ ਨੌਜਵਾਨ 60 ਫ਼ੀਸਦੀ ਸੜ ਗਿਆ ਹੈ ਤੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡੀਐਮਸੀ ਲੁਧਿਆਣਾ ਭੇਜ ਦਿੱਤਾ ਹੈ।