ਪੱਤਰ ਪ੍ਰੇਰਕ
ਦਸੂਹਾ, 4 ਅਗਸਤ
ਇਥੇ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਵੱਲੋਂ ਵਪਾਰ ਮੰਡਲ ਦੀਆਂ ਵੱਖ-ਵੱਖ ਟਰੇਡ ਯੂਨੀਅਨਾਂ ਦੀਆਂ ਦਰਪੇਸ਼ ਮੁਸ਼ਕਲਾਂ ਸੁਣੀਆਂ ਤੇ ਉਨ੍ਹਾਂ ਦੇ ਹੱਲ ਦਾ ਭਰੋਸਾ ਦਿੱਤਾ ਗਿਆ। ਇਸ ਸਬੰਧੀ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਸੂਹਾ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਦੀ ਅਗਵਾਈ ਹੇਠ ਵਿਜੈ ਮਾਰਕੀਟ ਦੇ ਪ੍ਰੀਤਮ ਮਾਲ ਵਿੱਚ ਵਪਾਰੀਆਂ ਦੀ ਭਰਵੀਂ ਇਕੱਤਰਤਾ ਹੋਈ। ਇਸ ਦੌਰਾਨ ਵਪਾਰੀਆਂ ਨੇ ਸ਼ਹਿਰ ਦੀ ਵਿਗੜੀ ਅੰਦਰੂਨੀ ਟਰੈਫਿਕ ਵਿਵਸਥਾ, ਨਾਜਾਇਜ਼ ਕਬਜ਼ਿਆਂ, ਬੇਤਰਤੀਬ ਬਾਜ਼ਾਰਾਂ ’ਚ ਲੱਗੀਆਂ ਰੇਹੜੀਆਂ, ਬਿਜਲੀ ਦੀਆਂ ਨੰਗੀਆਂ ਤਾਰਾਂ, ਬਕਸਿਆਂ ਤੇ ਅਣਐਲਾਨੇ ਕੱਟਾਂ, ਜਨਤਕ ਪਖਾਨਿਆਂ ਦੀ ਵਿਵਸਥਾ, ਬਰਸਾਤੀ ਪਾਣੀ ਦੇ ਨਾਕਸ ਪ੍ਰਬੰਧਾਂ, ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਨਿਗਰਾਨੀ ਲਈ ਕੈਮਰੇ ਲਗਾਉਣ ਆਦਿ ਮੰਗ ਕੀਤੀ। ਵਿਧਾਇਕ ਐਡਵੋਕੇਟ ਘੁੰਮਣ ਨੇ ਵਪਾਰੀ ਵਰਗ ਦੀਆਂ ਉਕਤ ਸਾਰੀਆਂ ਸਮੱਸਿਆਵਾਂ ਦੇ ਹੱਲ ਦੇ ਲਈ ਮੌਕੇ ’ਤੇ ਮੋਜੂਦ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ।