ਨਿੱਜੀ ਪੱਤਰ ਪ੍ਰੇਰਕ
ਜਲੰਧਰ, 29 ਸਤੰਬਰ
ਬੱਬਰ ਅਕਾਲੀ ਲਹਿਰ ਦੀ 100ਵੀਂ ਵਰ੍ਹੇਗੰਢ ਨੂੰ ਯਾਦ ਕਰਦਿਆਂ ਕਿਸਾਨ ਅੰਦੋਲਨ ਨੂੰ ਸਮਰਪਿਤ ਗ਼ਦਰੀ ਬਾਬਿਆਂ ਦੇ ਮੇਲੇ ਵਿੱਚ ਪੇਸ਼ ਹੋਣ ਵਾਲੀਆਂ ਕਲਾ ਕਿਰਤਾਂ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਸਭਿਆਚਾਰਕ ਵਿੰਗ ਦੀਆਂ ਮੀਟਿੰਗਾਂ ’ਚ ਅੰਤਿਮ ਛੋਹਾਂ ਦਿੱਤੀਆਂ ਗਈਆਂ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਦੀ ਪ੍ਰਧਾਨਗੀ ਹੇਠ ਹੋਈਆਂ ਮੀਟਿੰਗਾਂ ਵਿੱਚ ਪਾਸ ਕੀਤੀਆਂ ਕਲਾ ਕਿਰਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 31 ਅਕਤੂਬਰ ਦਿਨ ਵੇਲੇ ਪਹਿਲੇ ਸੈਸ਼ਨ ’ਚ ਖੇਤੀ ਸੰਕਟ, ਕਾਲ਼ੇ ਕਾਨੂੰਨਾਂ, ਕਿਸਾਨ ਅੰਦੋਲਨ ਅਤੇ ਦੂਜੇ ਸੈਸ਼ਨ ’ਚ ਬੱਬਰ ਅਕਾਲੀ ਲਹਿਰ ਬਾਰੇ ਚਰਚਾ ਹੋਏਗੀ। ਸ਼ਾਮ 4 ਕਵੀ ਦਰਬਾਰ ਅਤੇ 6 ਵਜੇ ਪੀਪਲਜ਼ ਵਾਇਸ ਵੱਲੋਂ ਫ਼ਿਲਮ ਸ਼ੋਅ ਹੋਏਗਾ। ਉਨ੍ਹਾਂ ਦੱਸਿਆ ਕਿ ਪਹਿਲੀ ਨਵੰਬਰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਭਗਤ ਸਿੰਘ ਝੁੰਗੀਆਂ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣਗੇ ਅਤੇ ਜਨਰਲ ਸਕੱਤਰ ਤੇ ਪ੍ਰਧਾਨ ਸੰਬੋਧਨ ਕਰਨਗੇ। ਅਮੋਲਕ ਸਿੰਘ ਦੀ ਕਲਮ ਤੋਂ ਲਿਖਿਆ ‘ਬੱਬਰਾਂ, ਜਲ੍ਹਿਆਂਵਾਲਾ ਬਾਗ਼ ਅਤੇ ਮਜ਼ਦੂਰ-ਕਿਸਾਨ ਘੋਲ ਦੀ ਗੂੰਜ’ ਪਾਉਂਦਾ ਸੰਗੀਤਕ ਓਪੇਰਾ ਰੂਪੀ ਝੰਡੇ ਦਾ ਗੀਤ ਹੋਏਗਾ। ਪਹਿਲੀ ਨਵੰਬਰ ਦਿਨ ਵੇਲੇ ਮੁੱਖ ਬੁਲਾਰੇ ਪੀ.ਸਾਈਨਾਥ ਹੋਣਗੇ। ਗੁਰਸ਼ਰਨ ਭਾਜੀ ਦਾ ਲਿਖਿਆ ਬੱਬਰ ਅਕਾਲੀ ਸੂਰਬੀਰਾਂ ਬਾਰੇ ਨਾਟਕ ‘ਸੀਸ ਤਲੀ ’ਤੇ’ ਚੰਡੀਗੜ੍ਹ ਸਕੂਲ ਆਫ਼ ਡਰਾਮਾ (ਏਕੱਤਰ) ਨਾਟਕ ਖੇਡੇਗਾ। ਪਹਿਲੀ ਨਵੰਬਰ ਨਾਟਕਾਂ ਭਰੀ ਰਾਤ ਵਿੱਚ ਪ੍ਰੋ.ਅਜਮੇਰ ਸਿੰਘ ਦੀ ਨਾਟਕ ਟੀਮ ਲੋਕ ਕਲਾ ਮੰਚ, ਮਾਨਸਾ ‘ਐਂ ਕਿਵੇਂ ਖੋਹ ਲੈਣਗੇ ਜ਼ਮੀਨਾਂ ਸਾਡੀਆਂ’, ਮੰਚ ਰੰਗ ਮੰਚ ਅੰਮ੍ਰਿਤਸਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ’ਚ ਪੇਸ਼ ਕਰੇਗਾ ‘ਖ਼ੂਨੀ ਵਿਸਾਖੀ’, ਅਦਾਕਾਰ ਮੰਚ ਮੁਹਾਲੀ (ਡਾ. ਸਾਹਿਬ ਸਿੰਘ) ‘ਧੰਨ ਲਿਖਾਰੀ ਨਾਨਕਾ’, ਇਟਾਲੀਅਨ ਨਾਟਕਕਾਰ ਦਾਰੀਓ ਫੋ ਦਾ ਨਾਟਕ ਦਾ ਪੰਜਾਬੀ ਰੂਪ ‘ਏਦਾਂ ਤਾਂ ਫਿਰ ਏਦਾਂ ਹੀ ਸਈ’ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ’ਚ ਸੁਚੇਤਕ ਰੰਗ ਮੰਚ ਮੁਹਾਲੀ ਅਤੇ ‘ਘਸਿਆ ਹੋਇਆ ਆਦਮੀ’ ਸ਼ੈਰੀ ਸਿਰੌੜਾ, ਪਾਵੇਲ ਸਿਰੌੜਾ ਦੀ ਨਿਰਦੇਸ਼ਨਾ ’ਚ ਅਵਾਮੀ ਰੰਗ ਮੰਚ ਸਿਰੌੜਾ (ਲੁਧਿਆਣਾ) ਪੇਸ਼ ਕਰੇਗਾ। ਜ਼ਿਕਰਯੋਗ ਹੈ ਕਿ ਦੇਸ਼ ਭਗਤ ਯਾਦਗਾਰ ਹਾਲ ’ਚ ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ ਅੱਗੇ ਘਾਹ ਪਾਰਕ ਵਿੱਚ ਪੁਸਤਕ ਮੇਲਾ 30 ਅਕਤੂਬਰ ਤੋਂ ਸ਼ੁਰੂ ਹੋ ਕੇ 2 ਨਵੰਬਰ ਸਰਘੀ ਵੇਲੇ ਤੱਕ ਨਿਰੰਤਰ ਲੱਗਾ ਰਹੇਗਾ।